ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਅਗਸਤ
ਯੂਟੀ ਦੇ ਸਿੱਖਿਆ ਵਿਭਾਗ ਨੇ ਗਿਆਰਵੀਂ ਜਮਾਤ ਵਿੱਚ ਦਾਖ਼ਲੇ ਲਈ ਯੋਗ ਵਿਦਿਆਰਥੀਆਂ ਦੀ ਸਾਂਝੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਾਰ ਵਿਦਿਆਰਥੀਆਂ ਨੇ ਵੋਕੇਸ਼ਨਲ ਕੋਰਸਾਂ ਨੂੰ ਤਰਜੀਹ ਨਹੀਂ ਦਿੱਤੀ ਜਦਕਿ ਆਰਟਸ ਵੱਲ ਜ਼ਿਆਦਾਤਰ ਵਿਦਿਆਰਥੀਆਂ ਨੇ ਰੁਖ਼ ਕੀਤਾ ਹੈ। ਸਿੱਖਿਆ ਵਿਭਾਗ ਵੱਲੋਂ ਇਸ ਜਮਾਤ ਲਈ ਅੰਤਿਮ ਮੈਰਿਟ ਲਿਸਟ ਭਲਕੇ 31 ਅਗਸਤ ਨੂੰ ਜਾਰੀ ਕੀਤੀ ਜਾਵੇਗੀ ਜਿਸ ਵਿੱਚ ਵਿਦਿਆਰਥੀਆਂ ਨੂੰ ਸਕੂਲ ਅਲਾਟ ਕੀਤੇ ਜਾਣਗੇ। ਵਿਦਿਆਰਥੀਆਂ ਨੂੰ 2 ਸਤੰਬਰ ਨੂੰ ਆਨਲਾਈਨ ਫ਼ੀਸ ਜਮ੍ਹਾਂ ਕਰਵਾਉਣੀ ਹੋਵੇਗੀ ਤੇ 4 ਸਤੰਬਰ ਨੂੰ ਗਿਆਰ੍ਹਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਹੋ ਜਾਵੇਗੀ। ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਉਕਤ ਜਮਾਤ ਦੀਆਂ 15,355 ਸੀਟਾਂ ਹਨ ਜਿਨ੍ਹਾਂ ਲਈ 18703 ਵਿਦਿਆਰਥੀਆਂ ਨੇ ਦਰਖਾਸਤਾਂ ਦਿੱਤੀਆਂ ਹਨ।
ਸੀਬੀਐੱਸਈ ਨੇ ਵਿਦਿਆਰਥੀਆਂ ਵਿੱਚ ਵੋਕੇਸ਼ਨਲ ਵਿਸ਼ੇ ਦੀ ਰੁਚੀ ਵਧਾਉਣ ਲਈ ਖਾਸ ਇੰਤਜ਼ਾਮ ਕੀਤੇ ਸਨ ਪਰ ਸਹੀ ਮਾਰਗਦਰਸ਼ਨ ਦੀ ਘਾਟ ਕਾਰਨ ਇਸ ਵਾਰ ਵਿਦਿਆਰਥੀਆਂ ਨੇ ਵੋਕੇਸ਼ਨਲ ਵਰਗ ਵਿੱਚ ਉਤਸ਼ਾਹ ਨਹੀਂ ਦਿਖਾਇਆ। ਡਿਪਟੀ ਡਾਇਰੈਕਟਰ ਸਕੂਲ ਐਜੂਕੇਸ਼ਨ ਸੁਨੀਲ ਬੇਦੀ ਨੇ ਦੱਸਿਆ ਕਿ ਕਰੋਨਾ ਕਾਰਨ ਸਕੂਲ ਜ਼ਿਆਦਾਤਰ ਬੰਦ ਹੀ ਰਹੇ ਜਿਸ ਕਾਰਨ ਵਿਦਿਆਰਥੀਆਂ ਨੂੰ ਵੋਕੇਸ਼ਨਲ ਵਰਗ ਲਈ ਜਾਗਰੂਕ ਨਹੀਂ ਕੀਤਾ ਜਾ ਸਕਿਆ ਪਰ ਪਹਿਲੀ ਕਾਊਂਸਲਿੰਗ ਖਤਮ ਹੋਣ ਤੋਂ ਬਾਅਦ ਵੋਕੇਸ਼ਨਲ ਵਿੱਚ ਹਾਜ਼ਰੀ ਵਧਾਉਣ ਲਈ ਯਤਨੀ ਕੀਤੇ ਜਾਣਗੇ। ਸਾਂਝੀ ਮੈਰਿਟ ਸੂਚੀ ਜਾਰੀ ਹੋਣ ਤੋਂ ਬਾਅਦ ਲਗਪਗ ਤਿੰਨ ਹਜ਼ਾਰ ਵਿਦਿਆਰਥੀ ਦਾਖਲੇ ਤੋਂ ਵਾਂਝੇ ਰਹਿ ਗਏ ਹਨ ਤੇ ਉਨ੍ਹਾਂ ਨੂੰ ਦੂਜੀ ਤੇ ਤੀਜੀ ਕੌਂਸਲਿੰਗ ਦਾ ਇੰਤਜ਼ਾਰ ਕਰਨਾ ਪਵੇਗਾ।
ਟੌਪਰਾਂ ਦਾ ਵਿਗਿਆਨ ਵੱਲ ਰੁਝਾਨ
ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਰਿਕਾਰਡ ਵਿੱਚ ਸਾਹਮਣੇ ਆਇਆ ਹੈ ਕਿ 96 ਫੀਸਦੀ ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀਆਂ ਵਿੱਚੋਂ ਵਿਗਿਆਨ ਵਿੱਚ 268 ਵਿਦਿਆਰਥੀਆਂ, ਕਾਮਰਸ ਵਿੱਚ 87 ਤੇ ਆਰਟਸ ’ਚ 121 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਜਦਕਿ 91 ਤੋਂ 95 ਫੀਸਦੀ ਅੰਕ ਵਾਲੇ ਵਿਦਿਆਰਥੀਆਂ ਨੇ ਕ੍ਰਮਵਾਰ 727, 187 ਤੇ 175, 86 ਤੋਂ 90 ਫੀਸਦੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਕ੍ਰਮਵਾਰ 592, 223 ਤੇ 220, 81 ਤੋਂ 85 ਫੀਸਦੀ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਵਿਗਿਆਨ ਵਿੱਚ 560 ਵਿਦਿਆਰਥੀਆਂ, ਕਾਮਰਸ ਵਿੱਚ 283 ਤੇ ਆਰਟਸ ’ਚ 262 ਰੁਚੀ ਦਿਖਾਈ ਹੈ।
ਵੋਕੇਸ਼ਨਲ ਕੋਰਸਾਂ ਦੀਆਂ ਸੀਟਾਂ ਦੇ ਵੇਰਵੇ
ਚੰਡੀਗੜ੍ਹ ਵਿੱਚ ਇਸ ਵੇਲੇ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿੱਚੋਂ 22 ਸਕੂਲਾਂ ’ਚ 16 ਵੋਕੇਸ਼ਨਲ ਵਿਸ਼ੇ ਪੜ੍ਹਾਏ ਜਾਂਦੇ ਹਨ ਜਿਨ੍ਹਾਂ ਵਿੱਚੋਂ ਇਨਫਰਮੇਸ਼ਨ ਟੈਕਨਾਲੋਜੀ ਦੀਆਂ 240 ਸੀਟਾਂ ਹਨ ਤੇ ਇਸ ਲਈ 451 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ ਜਦਕਿ ਬਿਊਟੀ ਐਂਡ ਵੈਲਨੈੱਸ ਯੋਗਾ ਦੀਆਂ 210 ਸੀਟਾਂ ਲਈ 154 ਅਰਜ਼ੀਆਂ, ਮਾਰਕੀਟਿੰਗ ਮੈਨੇਜਮੈਂਟ ਦੀਆਂ 40 ਸੀਟਾਂ ਲਈ 5 ਵਿਦਿਆਰਥੀਆਂ, ਸ਼ਾਰਟਹੈਂਡ ਰਾਈਟਿੰਗ ਇੰਗਲਿਸ਼ ਦੀਆਂ 271 ਸੀਟਾਂ ਲਈ 181 ਵਿਦਿਆਰਥੀਆਂ, ਟੈਕਸਟਾਈਲ ਡਿਜ਼ਾਈਨਿੰਗ ਦੀਆਂ 315 ਸੀਟਾਂ ਲਈ 12 ਜਣਿਆਂ ਨੇ ਅਪਲਾਈ ਕੀਤਾ ਹੈ।