ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 24 ਅਕਤੂਬਰ
ਯੂਟੀ ਦੇ ਸਰਕਾਰੀ ਸਕੂਲਾਂ ਵਿਚ ਗਿਆਰਵੀਂ ਜਮਾਤ ਦੀ ਮੈਰਿਟ ਸੂਚੀ ਜਾਰੀ ਹੋ ਗਈ ਹੈ। ਸਿੱਖਿਆ ਵਿਭਾਗ ਵਲੋਂ ਤੀਜੀ ਕਾਊਂਸਲਿੰਗ ਜ਼ਰੀਏ 3287 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿਚ ਦਾਖਲੇ ਨਾ ਮਿਲਣ ਕਾਰਨ ਵਿਦਿਆਰਥੀ ਤੇ ਮਾਪੇ ਪ੍ਰੇਸ਼ਾਨ ਹੋ ਰਹੇ ਸਨ। ਇਹ ਵੀ ਦੱਸਣਾ ਬਣਦਾ ਹੈ ਕਿ ਵਿਭਾਗ ਨੇ ਤੀਜੀ ਕਾਊਂਸਲਿੰਗ ਦੀ ਪਹਿਲੀ ਮੈਰਿਟ ਸੂਚੀ 16 ਅਕਤੂਬਰ ਨੂੰ ਜਾਰੀ ਕੀਤੀ ਸੀ ਤੇ ਦਾਖਲੇ ਤੋਂ ਵਾਂਝੇ ਵਿਦਿਆਰਥੀਆਂ ਲਈ ਦੂਜੀ ਮੈਰਿਟ ਲਿਸਟ 19 ਅਕਤੂਬਰ ਨੂੰ ਜਾਰੀ ਕਰਨ ਦਾ ਐਲਾਨ ਕੀਤਾ ਸੀ ਪਰ ਇਹ ਮੈਰਿਟ ਸੂਚੀ ਸਮੇਂ ਸਿਰ ਜਾਰੀ ਨਹੀਂ ਕੀਤੀ ਗਈ। ਵਿਭਾਗ ਨੇ ਦਾਖਲ ਹੋਏ ਵਿਦਿਆਰਥੀਆਂ ਦੀ ਸੂਚੀ ਆਪਣੀ ਵੈਬਸਾਈਟ ’ਤੇ ਅਪਲੋਡ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਵਿਭਾਗ ਨੇ 42 ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਵਿਚ 13355 ਸੀਟਾਂ ’ਤੇ ਦਾਖਲੇ ਦੇਣੇ ਸਨ ਪਰ ਪਹਿਲੀਆਂ ਦੋ ਕਾਊਂਸਲਿੰਗਾਂ ਵਿਚ ਵਿਦਿਆਰਥੀਆਂ ਨੂੰ ਦਾਖਲੇ ਨਹੀਂ ਮਿਲੇ। ਪਹਿਲੀਆਂ ਦੋ ਕਾਊਂਸਲਿੰਗਾਂ ਤੋਂ ਬਾਅਦ ਤਿੰਨ ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਦੇ ਮੁਕਾਬਲੇ ਸੀਟਾਂ ਸਾਢੇ ਛੇ ਸੌ ਦੇ ਕਰੀਬ ਹੀ ਸਨ। ਦੱਸਣਾ ਬਣਦਾ ਹੈ ਕਿ ਕਰੋਨਾ ਮਹਾਮਾਰੀ ਤੋਂ ਬਾਅਦ ਵੱਡੀ ਗਿਣਤੀ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਕੱਢ ਕੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਇਆ ਹੈ। ਇਹ ਗਿਣਤੀ ਸੀਨੀਅਰ ਸੈਕੰਡਰੀ ਜਮਾਤਾਂ ਵਿਚ ਘੱਟ ਹੈ ਪਰ ਫੇਰ ਵੀ ਪਿਛਲੇ ਸਾਲਾਂ ਦੇ ਰਿਕਾਰਡ ਅਨੁਸਾਰ ਇਸ ਵਾਰ ਗਿਆਰ੍ਹਵੀਂ ਜਮਾਤ ਵਿਚ ਕਿਤੇ ਵੱਧ ਦਰਖਾਸਤਾਂ ਆਈਆਂ ਹਨ।
ਵਿਦਿਆਰਥੀ ਜ਼ਿਆਦਾ ਹੋਣ ਕਾਰਨ ਸੀਟਾਂ ਵਧਾਈਆਂ
ਇਹ ਵੀ ਜਾਣਕਾਰੀ ਮਿਲੀ ਹੈ ਕਿ ਸਿੱਖਿਆ ਵਿਭਾਗ ਨੇ 10 ਫੀਸਦੀ ਸੀਟਾਂ ਵਧਾਈਆਂ ਹਨ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਤਿੰਨ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਨਹੀਂ ਮਿਲਿਆ ਸੀ ਤੇ ਉਨ੍ਹਾਂ ਸਿੱਖਿਆ ਸਕੱਤਰ ਨੂੰ ਸੀਟਾਂ ਵਧਾਉਣ ਦੀ ਅਪੀਲ ਕੀਤੀ ਸੀ। ਇਹ ਵੀ ਪਤਾ ਲੱਗਾ ਹੈ ਕਿ ਵਿਭਾਗ ਨੇ ਕਈ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਦੇ ਸੈਕਸ਼ਨ ਵਧਾਉਣ ਲਈ ਕਹਿ ਦਿੱਤਾ ਹੈ ਤੇ ਇਸ ਦੇ ਵੇਰਵੇ ਸਕੂਲ ਮੁਖੀਆਂ ਤੋਂ ਮੰਗ ਲਏ ਹਨ।