ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 9 ਅਗਸਤ
ਇਥੋਂ ਦੇ ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲਾ ਫਾਰਮ ਭਰਨ ਦਾ ਅੱਜ ਆਖਰੀ ਦਿਨ ਸੀ ਤੇ ਅੱਜ ਸ਼ਾਮ ਤਕ 19271 ਵਿਦਿਆਰਥੀਆਂ ਨੇ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਦਾਖਲਾ ਫਾਰਮ ਭਰੇ। ਦੱਸਣਯੋਗ ਹੈ ਕਿ 43 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਦੀਆਂ 13570 ਸੀਟਾਂ ਹਨ ਜਿਸ ਲਈ 5701 ਤੋਂ ਵੱਧ ਫਾਰਮ ਆਏ ਹਨ। ਇਸ ਕਾਰਨ ਅਪਲਾਈ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਦਾਖਲਾ ਮਿਲਣਾ ਮੁਸ਼ਕਲ ਹੈ। ਇਸ ਤੋਂ ਪਹਿਲਾਂ ਸੈਸ਼ਨ 2021-22 ਵਿਚ ਗਿਆਰ੍ਹਵੀਂ ਜਮਾਤ ਵਿਚ 15377 ਸੀਟਾਂ ਸਨ ਜਿਸ ਲਈ 18444 ਵਿਦਿਆਰਥੀਆਂ ਨੇ ਦਰਖਾਸਤ ਦਿੱਤੀ ਸੀ। ਇਸ ਵਾਰ ਵਿਗਿਆਨ ਦੀਆਂ 3080, ਕਾਮਰਸ ਦੀਆਂ 1980, ਹਿਊਮੈਨੀਟੀਜ਼ ਦੀਆਂ 6720 ਤੇ ਵੋਕੇਸ਼ਨਲ ਤੇ ਹੋਰ ਵਿਸ਼ਿਆਂ ਦੀਆਂ 1790 ਸੀਟਾਂ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਆਰਜ਼ੀ ਕਾਮਨ ਮੈਰਿਟ ਲਿਸਟ 12 ਅਗਸਤ ਨੂੰ ਜਾਰੀ ਕੀਤੀ ਜਾਵੇਗੀ ਤੇ ਜੇ ਕਿਸੇ ਵਿਦਿਆਰਥੀ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਉਹ 14 ਅਗਸਤ ਤਕ ਆਪਣੇ ਇਤਰਾਜ਼ ਈਮੇਲ ਜ਼ਰੀਏ ਦਰਜ ਕਰਵਾ ਸਕਦੇ ਹਨ। ਚੰਡੀਗੜ੍ਹ ਦੇ ਸਭ ਤੋਂ ਪਸੰਦੀਦਾ ਸਕੂਲ ਸੈਕਟਰ 16, 18, 19, 35, 37 ਤੇ ਮਨੀਮਾਜਰਾ ਕੰਪਲੈਕਸ ਦੇ ਮਾਡਲ ਸਕੂਲ ਹਨ। ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਦਾਖਲਾ ਫੀਸਾਂ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਇਸ ਕਰਕੇ ਮੱਧ ਵਰਗ ਦੇ ਮਾਪੇ ਚੰਡੀਗੜ੍ਹ ਦੇ ਮਾਡਲ ਸਕੂਲਾਂ ਨੂੰ ਤਰਜੀਹ ਦਿੰਦੇ ਹਨ।