ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜਨਵਰੀ
ਚੰਡੀਗੜ੍ਹ ਨੂੰ ਸੌਰ ਊਰਜਾ ਨਾਲ ਬਿਜਲੀ ਉਤਪਾਦਨ ਵਿੱਚ ਨੰਬਰ ਇੱਕ ਸ਼ਹਿਰ ਬਣਾਉਣ ਲਈ ਚੰਡੀਗੜ੍ਹ ਰਿਨਿਊਅਲ ਐਨਰਜੀ ਐਂਡ ਸਾਇੰਸ ਐਂਡ ਟੈਕਨੋਲੋਜੀ ਪ੍ਰਮੋਸ਼ਨ ਸੁਸਾਇਟੀ (ਕਰੈਸਟ) ਪੱਬਾਂ ਭਾਰ ਹੈ। ਹਾਲਾਂਕਿ ਇਸ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਕਰੈਸਟ ਵੱਲੋਂ ਸ਼ਹਿਰ ਦੀਆਂ ਜ਼ਿਆਦਾਤਰ ਸਰਕਾਰੀ ਇਮਾਰਤਾਂ ਉੱਤੇ ਸੋਲਰ ਪਾਵਰ ਪਲਾਂਟ ਲਗਾ ਦਿੱਤੇ ਗਏ ਹਨ, ਪਰ ਸੌਰ ਊਰਜਾ ਨੂੰ ਲੈ ਕੇ ਕਰੈਸਟ ਵੱਲੋਂ ਹੁਣ ਨਗਰ ਨਿਗਮ ਦੀਆਂ ਪਾਣੀ ਦੀਆਂ ਟੈਂਕੀਆਂ ਸਮੇਤ ਕਮਿਊਨਿਟੀ ਸੈਂਟਰਾਂ ਅਤੇ ਸਟ੍ਰੀਟ ਲਾਈਟਾਂ ’ਤੇ ਵੀ ਸੋਲਰ ਪੈਨਲ ਲਗਾਏ ਜਾ ਰਹੇ ਹਨ। ਵੱਖਰੀ ਜਾਣਕਾਰੀ ਅਨੁਸਾਰ ਕਰੈਸਟ ਨੇ ਸਰਕਾਰੀ ਤੇ ਨਿੱਜੀ ਸੰਸਥਾਨਾਂ ਦੀਆਂ ਇਮਾਰਤਾਂ ’ਤੇ ਲਗਾਏ ਗਏ ਸੋਲਰ ਪੈਨਲਾਂ ਤੋਂ ਹਰ ਸਾਲ ਲਗਪਗ 20 ਲੱਖ ਰੁਪਏ ਤੱਕ ਦੀ ਬਿਜਲੀ ਦੀ ਬੱਚਤ ਕੀਤੀ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਮਾਡਲ ਸੋਲਰ ਸਿਟੀ ਬਣਾਇਆ ਜਾਣਾ ਹੈ। ਇਸ ਦੇ ਨਾਲ ਹੀ ਕਰੈਸਟ ਵਲੋਂ ਖਾਸ ਯੋਜਨਾ ਤਹਿਤ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਨਿਕਲਣ ਵਾਲੇ ਸੁਖਨਾ ਚੋਅ ’ਤੇ ਵੀ ਸੋਲਰ ਪੈਨਲ ਲਗਾ ਕੇ ਬਿਜਲੀ ਦੀ ਪੈਦਾਵਾਰ ਕੀਤੀ ਜਾਵੇਗੀ। ਸ਼ੁਰੂਆਤ ਵਿੱਚ ਸੁਖਨਾ ਚੋਅ ’ਤੇ 500 ਮੀਟਰ ਦੀ ਦੂਰੀ ਵਿੱਚ ਸੋਲਰ ਪੈਨਲ ਲਗਾਏ ਜਾਣਗੇ। ਇਸ ਦੇ ਲਈ ਬਕਾਇਦਾ ਡੀਪੀਆਰ (ਡਿਟੇਲ ਪ੍ਰੋਜੈਕਟ ਰਿਪੋਰਟ) ਤਿਆਰ ਕਰ ਲਈ ਗਈ ਹੈ ਅਤੇ ਛੇਤੀ ਹੀ ਟੈਂਡਰ ਲਗਾ ਦਿੱਤਾ ਜਾਵੇਗਾ। ਸੁਖਨਾ ਚੋਅ ਦੀ ਲੰਮਾਈ ਕਾਫ਼ੀ ਹੈ, ਇਸ ਲਈ ਕਰੈਸਟ ਨੇ ਇਸ ਯੋਜਨਾ ਨੂੰ ਇੱਥੇ ਲਾਗੂ ਕਰਕੇ ਬਿਜਲੀ ਦੀ ਪੈਦਾਵਾਰ ਕਰਨ ਲਈ ਇਹ ਯੋਜਨਾ ਤਿਆਰ ਕੀਤੀ ਹੈ। ਇਸ ਬਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਇੱਥੋਂ ਦਾ ਦੌਰਾ ਕਰ ਚੁੱਕੇ ਹਨ।
ਚੰਡੀਗੜ੍ਹ ਦੇ ਵਾਤਾਵਰਨ ਵਿਭਾਗ ਦੇ ਡਾਇਰੈਕਟਰ ਦੇਬੇਂਦਰ ਦਲਾਈ ਅਨੁਸਾਰ ਇੱਥੇ ਸੁਖਨਾ ਚੋਅ ’ਤੇ ਸੋਲਰ ਪੈਨਲ ਲਗਾਉਣ ਲਈ ਇਸ ਮਹੀਨੇ ਜਨਵਰੀ ਦੇ ਅਖੀਰ ਤੱਕ ਥਾਂ ਦੀ ਚੋਣ ਕਰਕੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਖਨਾ ਚੋਅ ਦੀ ਚੌੜਾਈ ਘੱਟ ਵੱਧ ਹੋਣ ਨਾਲ ਇਹ ਬਹੁਤ ਹੀ ਚੁਣੌਤੀ ਭਰਪੂਰ ਪ੍ਰੋਜੈਕਟ ਹੈ। ਇਸ ਲਈ ਪਹਿਲਾਂ ਉਸ ਥਾਂ ’ਤੇ ਸੋਲਰ ਪੈਨਲ ਲਗਾਏ ਜਾਣਗੇ ਜੋ ਘੱਟ ਚੌੜਾਈ ਵਾਲੇ ਹੋਣਗੇ। ਕਰੈਸਟ ਦੀ ਯੋਜਨਾ ਅਨੁਸਾਰ ਇਸ ਪ੍ਰਾਜੈਕਟ ਨੂੰ ਕਈ ਗੇੜਾਂ ਵਿੱਚ ਲਾਗੂ ਕੀਤਾ ਜਾਵੇਗਾ। ਇਸ ਪ੍ਰਾਜੈਕਟ ਤਹਿਤ ਸੁਖਨਾ ਚੋਅ ਨੂੰ ਸੋਲਰ ਪੈਨਲ ਨਾਲ ਢਕ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸ਼ਹਿਰ ਦੇ ਸਾਰੇ ਸਰਕਾਰੀ ਸਕੂਲਾਂ ਦੀਆਂ ਛੱਤਾਂ ਤੋਂ ਬਾਅਦ ਹੁਣ ਸਕੂਲਾਂ ਦੀ ਖਾਲੀ ਜ਼ਮੀਨ ’ਤੇ ਵੀ ਸੋਲਰ ਪਲਾਂਟ ਲਗਾਏ ਜਾ ਰਹੇ ਹਨ ਜਿਥੇ ਵਿਭਾਗ ਦਾ ਬਿਜਲੀ ਦਾ ਬਿੱਲ ਸਿਫ਼ਰ ਹੋ ਚੁੱਕਿਆ ਹੈ ਉੱਥੇ ਉਹ ਗਰਿਡ ਨੂੰ ਬਿਜਲੀ ਵੇਚ ਕੇ ਕਮਾਈ ਕਰ ਰਿਹਾ ਹੈ। ਪ੍ਰਸ਼ਾਸਨ ਦੇ ਸਾਲ 2022 ਤੱਕ 69 ਮੈਗਾਵਾਟ ਸੌਰ ਊਰਜਾ ਪੈਦਾ ਕਰਨ ਦੇ ਟੀਚੇ ਨੂੰ ਬਦਲ ਕੇ ਹੁਣ ਸਾਲ 2023 ਤੱਕ 75 ਮੈਗਾਵਾਟ ਮਿੱਥਿਆ ਗਿਆ ਹੈ। ਜਾਣਕਾਰੀ ਅਨੁਸਾਰ ਫ਼ਿਲਹਾਲ ਸ਼ਹਿਰ ਵਿੱਚ ਵੱਖ ਵੱਖ ਥਾਵਾਂ ’ਤੇ ਲਗਾਏ ਗਏ ਸੌਰ ਊਰਜਾ ਪਲਾਂਟਾਂ ਤੋਂ ਲਗਪਗ 45 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਸ਼ਹਿਰ ਵਿੱਚ ਸੌਰ ਊਰਜਾ ਨੂੰ ਹੱਲਾਸ਼ੇਰੀ ਦੇਣ ਲਈ 500 ਵਰਗ ਗਜ਼ ਜਾਂ ਇਸ ਤੋਂ ਜ਼ਿਆਦਾ ਰਕਬੇ ਦੇ ਸਾਰੇ ਘਰਾਂ ਅਤੇ ਇਮਾਰਤਾਂ ’ਤੇ ਸੋਲਰ ਪ੍ਰਾਜੈਕਟ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ।