ਹਰਜੀਤ ਸਿੰਘ
ਡੇਰਾਬੱਸੀ, 7 ਸਤੰਬਰ
ਇਥੋਂ ਨੇੜਲੇ ਪਿੰਡ ਭਾਂਖਰਪੁਰ ਵਿਖੇ ਲੰਘੇ ਕੱਲ੍ਹ ਦੁਪਹਿਰ ਤੋਂ ਬਿਜਲੀ ਸਪਲਾਈ ਠੱਪ ਪਈ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਕੱਲ੍ਹ ਦੁਪਹਿਰ ਦੋ ਵਜੇ ਬਿਜਲੀ ਸਪਲਾਈ ਠੱਪ ਹੋਈ ਸੀ ਜਿਸ ਨੂੰ 29 ਘੰਟੇ ਬਾਅਦ ਅੱਜ ਦੇਰ ਸ਼ਾਮ ਬਹਾਲ ਕੀਤਾ ਗਿਆ। ਪਿੰਡ ਵਾਸੀਆਂ ਵਿੱਚ ਲਗਾਤਾਰ 29 ਘੰਟੇ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਇਲਾਕਾ ਵਾਸੀਆਂ ’ਚ ਪਾਵਰਕੌਮ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪਿੰਡ ਵਾਸੀ ਕ੍ਰਿਸ਼ਨ ਲਾਲ, ਮਨਜੀਤ ਸਿੰਘ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਪੰਚ ਨੇ ਦੱਸਿਆ ਕਿ ਇਥੇ ਹਾਈਵੇਅ ਦੇ ਨੇੜੇ ਇਕ ਵਿਅਕਤੀ ਵੱਲੋਂ ਨਵੀਂ ਉਸਾਰੀ ਲਈ ਜੇਸੀਬੀ ਨਾਲ ਖੁਦਾਈ ਕਰਵਾਈ ਜਾ ਰਹੀ ਹੈ। ਖੁਦਾਈ ਕਰਵਾਉਂਦੇ ਹੋਏ ਜੇਸੀਬੀ ਚਾਲਕ ਵੱਲੋਂ ਪਿੰਡ ਵਿੱਚ ਬਿਜਲੀ ਸਪਲਾਈ ਕਰਨ ਵਾਲੀ ਜ਼ਮੀਨਦੋਜ਼ ਤਾਰਾਂ ਨੂੰ ਕੱਟ ਦਿੱਤਾ। ਇਸ ਕਾਰਨ ਪੂਰੇ ਪਿੰਡ ਵਿੱਚ ਲੰਘੇ ਕਲ੍ਹ ਦੁਪਹਿਰ ਤੋਂ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਤੁਰੰਤ ਪਾਵਰਕੌਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਉਂਦੇ ਹੋਏ ਸਮੱਸਿਆ ਦਾ ਹੱਲ ਕਰਨ ਦੀ ਬੇਨਤੀ ਕੀਤੀ ਸੀ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੰਘੇ ਕੱਲ੍ਹ ਦੁਪਹਿਰ ਤੋਂ ਦੇਰ ਸ਼ਾਮ ਸੱਤ ਵਜੇ ਜਾ ਕੇ ਸਪਲਾਈ ਬਹਾਲ ਹੋਈ। ਲਗਾਤਾਰ ਬਿਨਾਂ ਬਿਜਲੀ ਪਾਣੀ ਤੋਂ 29 ਘੰਟੇ ਬਿਤਾਉਣ ਵਿੱਚ ਪੂਰੇ ਪਿੰਡ ਨੂੰ ਭਾਰੀ ਔਕੜ ਸਹਿਣੀ ਪਈ। ਉਨ੍ਹਾਂ ਦੱਸਿਆ ਕਿ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਪਿੰਡ ਵਿੱਚ ਪਾਣੀ ਦੀ ਕਿੱਲਤ ਪੈਦਾ ਹੋ ਗਈ ਹੈ।
ਇਸ ਸਬੰਧੀ ਗੱਲ ਕਰਨ ’ਤੇ ਪਾਵਰਕੌਮ ਮੁਬਾਰਕਪੁਰ ਦੇ ਐਸ.ਡੀ.ਓ ਗੁਰਜਿੰਦਰ ਸਿੰਘ ਨੇ ਕਿਹਾ ਕਿ ਜੇਸੀਬੀ ਦੇ ਚਾਲਕ ਦੀ ਲਾਪ੍ਰਵਾਹੀ ਕਾਰਨ ਪਿੰਡ ਦੀ ਸਪਲਾਈ ਵਾਲੀ ਕੇਬਲ ਨੂੰ ਨੁਕਸਾਨੀ ਗਈ ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਸੀ। ਉਨ੍ਹਾਂ ਕਿਹਾ ਕਿ ਜੇਸੀਬੀ ਚਾਲਕ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲੀਸ ਨੂੰ ਲਿਖਿਆ ਜਾਏਗਾ।