ਚੰਡੀਗੜ੍ਹ (ਟਨਸ): ਸ਼ਹਿਰ ਵਿੱਚ ਬੁੱਧਵਾਰ ਨੂੰ ਕਈ ਇਲਾਕਿਆਂ ਵਿੱਚ ਦਿਨ ਭਰ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਸਵੇਰੇ 10-10.30 ਵਜੇ ਸ਼ਹਿਰ ਦੇ ਨਾਰਦਨ ਖੇਤਰ ਵਿੱਚ ਬਿਜਲੀ ਬੰਦ ਹੋ ਗਈ, ਜਿਸ ਕਰਕੇ ਸੈਕਟਰ 20, 32, 17, 27, 26, 18 ਅਤੇ ਪਿੰਡ ਖੁੱਡਾ ਅਲੀਸ਼ੇਰ, ਕੈਂਬਵਾਲਾ, ਮਨੀਮਾਜਰਾ, ਖੁੱਡਾ ਜੱਸੂ ਸਣੇ ਹੋਰਾਂ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰਹੀ। ਯੂਟੀ ਦੇ ਚੀਫ਼ ਇੰਜਨੀਅਰ ਸੀਬੀ ਓਝਾ ਨੇ ਕਿਹਾ ਕਿ ਚੰਡੀਗੜ੍ਹ ਨੂੰ ਬਿਜਲਾਈ ਸਪਲਾਈ ਕਰਨ ਵਾਲੀ ਲਾਈਨ ਨਾਲਾਗੜ੍ਹ ਦੇ ਨਜ਼ਦੀਕ ਖਰਾਬ ਹੋ ਗਈ। ਉਨ੍ਹਾਂ ਕਿਹਾ ਕਿ ਰਾਤ ਨੂੰ 10 ਵਜੇ ਤੱਕ ਬਿਜਲੀ ਸਪਲਾਈ ਮੁੜ ਚਾਲੂ ਕਰ ਦਿੱਤੀ ਜਾਵੇਗੀ।