ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 30 ਸਤੰਬਰ
ਪਿੰਡ ਬਲੌਂਗੀ ਦੀ ਆਦਰਸ਼ ਕਲੋਨੀ ਦੇ ਬੀ-ਬਲਾਕ ਵਿੱਚ ਬਿਜਲੀ ਦੇ ਮੀਟਰ ਬਕਸਿਆਂ ਨੂੰ ਅਚਾਨਕ ਅੱਗ ਲੱਗ ਗਈ। ਬਲੌਂਗੀ ਦੇ ਸਾਬਕਾ ਪੰਚ ਹਰਿੰਦਰ ਸਿੰਘ, ਧਰਮਿੰਦਰ, ਊਸ਼ਾ ਰਾਣੀ, ਸੁਨੀਤਾ, ਅਨਿਲ ਸਿੰਘ ਆਦਿ ਨੇ ਦੱਸਿਆ ਕਿ ਇਸ ਸਬੰਧੀ ਪਾਵਰਕੌਮ ਨੂੰ ਸ਼ਿਕਾਇਤਾਂ ਦਿੱਤੇ ਜਾਣ ਦੇ ਬਾਵਜੂਦ ਪਾਵਰਕੌਮ ਦੇ ਕਰਮਚਾਰੀਆਂ ਨੇ ਬਹੁਤਾ ਧਿਆਨ ਨਹੀਂ ਦਿੱਤਾ। ਪਿੰਡ ਅਤੇ ਕਲੋਨੀ ਵਾਸੀਆਂ ਨੇ ਦੱਸਿਆ ਕਿ ਪੂਰੇ ਬਲੌਂਗੀ ਖੇਤਰ ਵਿੱਚ ਚਾਰ ਚੁਫੇਰੇ ਬਿਜਲੀ ਦੀਆਂ ਤਾਰਾਂ ਲਮਕ ਰਹੀਆਂ ਹਨ ਅਤੇ ਮੀਟਰਾਂ ਦੇ ਬਕਸੇ ਖੁੱਲ੍ਹੇ ਪਏ ਹਨ। ਉਨ੍ਹਾਂ ਦੱਸਿਆ ਕਿ ਮੀਟਰ ਬਕਸਿਆਂ ਨੂੰ ਅੱਗ ਲੱਗਣ ਸਬੰਧੀ ਲੋਕਾਂ ਨੇ ਪਾਵਰਕੌਮ ਦੇ ਜ਼ਿੰਮੇਵਾਰ ਅਧਿਕਾਰੀਆਂ ਨਾਲ ਤਾਲਮੇਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਅਧਿਕਾਰੀ ਜਾਂ ਮੁਲਾਜ਼ਮ ਨੇ ਫੋਨ ਨਹੀਂ ਚੁੱਕਿਆ। ਇਸ ਉਪਰੰਤ ਪੀੜਤ ਲੋਕਾਂ ਨੇ ਲਾਈਨਮੈਨ ਨੂੰ ਫੋਨ ਕੀਤਾ। ਵਾਰ-ਵਾਰ ਫੋਨ ਕਰਨ ’ਤੇ ਕਰੀਬ ਇਕ ਘੰਟੇ ਬਾਅਦ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਬਿਜਲੀ ਮੀਟਰਾਂ ਨੂੰ ਅੱਗ ਲੱਗਣ ਦੀ ਵਜ੍ਹਾ ਬਲੌਂਗੀ ਵਿੱਚ ਵੱਡੇ ਪੱਧਰ ’ਤੇ ਪੀਜੀ ਅਤੇ ਕਮਰਸ਼ੀਅਲ ਗਤੀਵਿਧੀਆਂ ਹਨ, ਜਿਸ ਕਾਰਨ ਲੋਡ ਜ਼ਿਆਦਾ ਵਧਣ ਕਾਰਨ ਨਿੱਤ ਦਿਨ ਬੱਤੀ ਗੁੱਲ ਹੋਣ ਦੀ ਸਮੱਸਿਆ ਰਹਿੰਦੀ ਹੈ। ਬਲੌਂਗੀ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਸਪਲਾਈ ਬਾਰੇ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ।