ਮਿਹਰ ਸਿੰਘ
ਕੁਰਾਲੀ, 28 ਅਕਤੂਬਰ
ਇੱਥੇ ਦਸਹਿਰਾ ਗਰਾਊਂਡ ਮਾਰਕੀਟ ਵਿੱਚ ਸਥਿਤ ਬਿਜਲੀ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਦੀ ਗੱਡੀ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਨੂੰ ਹੋਰ ਅੱਗੇ ਵਧਣ ਤੋਂ ਰੋਕਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ ਸਾਢੇ 5 ਵਜੇ ਦਸਹਿਰਾ ਮੈਦਾਨ ਮਾਰਕੀਟ ਵਿੱਚ ਸਥਿਤ ਖੋਖਾਨੁਮਾ ਦੁਕਾਨ ਦੇ ਪਿਛਲੇ ਪਾਸਿਉਂ ਧੂੰਆਂ ਨਜ਼ਰ ਆਇਆ। ਇਸੇ ਦੌਰਾਨ ਲੋਕਾਂ ਨੇ ਮਾਰਕੀਟ ਦੇ ਪਿੱਛੇ ਕਬਾੜ ਨੂੰ ਅੱਗ ਲੱਗੀ ਸਮਝ ਕੇ ਅਣਗੌਲਿਆ ਕਰ ਦਿੱਤਾ ਪਰ ਜਦੋਂ ਧੂੰਆਂ ਕਾਫ਼ੀ ਵਧ ਗਿਆ ਤਾਂ ਲੋਕਾਂ ਨੇ ਦੇਖਿਆ ਕਿ ਦੁਕਾਨ ਨੂੰ ਅੱਗ ਲੱਗੀ ਹੋਈ ਸੀ। ਇਕੱਠੇ ਹੋਏ ਲੋਕਾਂ ਨੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ ਉਦੋਂ ਤੱਕ ਦੁਕਾਨ ’ਚ ਰੱਖਿਆ ਬਿਜਲੀ ਦਾ ਸਾਮਾਨ ਸੜ ਕੇ ਸੜ ਚੁੱਕਿਆ ਸੀ।
ਦੁਕਾਨ ਮਾਲਕ ਸ਼ੀਲੀ ਵਿਨਾਇਕ ਨੇ ਦੱਸਿਆ ਕਿ ਉਹ ਬਾਹਰ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ ਅਤੇ ਲੋਕਾਂ ਨੇ ਹੀ ਅੱਗ ਲੱਗਣ ਦੀ ਸੂਚਨਾ ਦਿੱਤੀ। ਅੱਗ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਬਿਜਲੀ ਦੇ ਸਾਮਾਨ ਤੋਂ ਇਲਾਵਾ ਮੋਟਰ ਬਾਈਡਿੰਗ ਮਸ਼ੀਨ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।