ਕੁਰਾਲੀ: ਬਿਜਲੀ ਸਪਲਾਈ ਠੀਕ ਕਰਨ ਲਈ ਟਰਾਂਸਫਾਰਮਰ ’ਤੇ ਚੜ੍ਹਿਆ ਇੱਕ ਬਿਜਲੀ ਕਾਮਾ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਗਿਆ। ਜਾਣਕਾਰੀ ਅਨੁਸਾਰ ਲੰਘੀ ਰਾਤ ਸ਼ਹਿਰ ਦੇ ਸਬਜ਼ੀ ਮੰਡੀ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੋ ਗਈ ਸੀ। ਇਸ ਸਮੇਂ ਦੌਰਾਨ ਡਿਊਟੀ ’ਤੇ ਹਾਜ਼ਰ ਸੁਨੀਲ ਕੁਮਾਰ ਟਰਾਂਸਫਾਰਮਰ ’ਤੇ ਚੜ੍ਹ ਕੇ ਬਿਜਲੀ ਸਪਲਾਈ ਠੀਕ ਕਰਨ ਲੱਗ ਪਿਆ। ਇਸੇ ਦੌਰਾਨ ਅਚਾਨਕ ਹੀ ਬਿਜਲੀ ਦੀ ਸਪਲਾਈ ਆ ਗਈ ਅਤੇ ਸੁਨੀਲ ਕੁਮਾਰ ਬੁਰੀ ਤਰ੍ਹਾਂ ਝੁਲਸਿਆ ਗਿਆ। ਟਰਾਂਸਫਾਰਮਰ ਤੋਂ ਹੇਠਾਂ ਡਿੱਗਣ ਕਾਰਨ ਵੀ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਸੁਨੀਲ ਕੁਮਾਰ ਨੂੰ ਜ਼ਖ਼ਮੀ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਦੇਖਦਿਆਂ ਚੰਡੀਗੜ੍ਹ ਦੇ ਸੈਕਟਰ 16 ਸਥਿਤ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ। ਸੁਨੀਲ ਕੁਮਾਰ ਦੀ ਹਾਲਤ ਨਾਜ਼ੁਕ ਪਰ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ ਤੇ ਉਸ ਨੂੰ ਅਗਲੇਰੇ ਇਲਾਜ ਲਈ ਪੀਜੀਆਈ ਰੈਫ਼ਰ ਕੀਤਾ ਗਿਆ ਹੈ। -ਪੱਤਰ ਪ੍ਰੇਰਕ