ਆਤਿਸ਼ ਗੁਪਤਾ
ਚੰਡੀਗੜ੍ਹ, 17 ਅਕਤੂਬਰ
ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਚੰਡੀਗੜ੍ਹ ਕਾਂਗਰਸ ਕਮੇਟੀ ਦੇ ਸਾਰੇ 37 ਮੈਂਬਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ। ਇਸ ਵਿੱਚੋਂ 36 ਜਣਿਆਂ ਨੇ ਚੰਡੀਗੜ੍ਹ ਦੇ ਸੈਕਟਰ-35 ਸਥਿਤ ਕਾਂਗਰਸ ਭਵਨ ਵਿੱਚ ਪਹੁੰਚ ਕੇ ਵੋਟਿੰਗ ਕੀਤੀ ਜਦੋਂ ਕਿ ਇਕ ਮੈਂਬਰ ਨੰਦਿਤਾ ਹੁੱਡਾ ਨੇ ਕਰਨਾਟਕ ਦੇ ਬੇਲਾਰੀ ’ਚ ਆਪਣੇ ਵੋਟ ਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਚੋਣ ਅਧਿਕਾਰੀ ਲਾਲ ਬੈਰਵਾ, ਸਹਿ ਚੋਣ ਅਧਿਕਾਰੀ ਕਮਲ ਕਾਂਤ ਸ਼ਰਮਾ ਅਤੇ ਐੱਨਐੱਸਯੂਆਈ ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਨੇ ਵੀ ਚੰਡੀਗੜ੍ਹ ਵਿੱਚ ਆਪਣੇ ਵੋਟ ਦੀ ਵਰਤੋਂ ਕੀਤੀ ਹੈ। ਗੌਰਤਲਬ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣਾਂ ਲਈ ਚੋਣ ਮੈਦਾਨ ਵਿੱਚ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਕਿਸਮਤ ਅਜ਼ਮਾ ਰਹੇ ਹਨ। ਅੱਜ ਸਵੇਰੇ 10 ਵਜੇ ਹੀ ਕਾਂਗਰਸ ਦੇ ਕੌਮੀ ਖਜ਼ਾਨਚੀ ਪਵਨ ਕੁਮਾਰ ਬਾਂਸਲ ਨੇ ਸਭ ਤੋਂ ਪਹਿਲਾਂ ਆਪਣੇ ਵੋਟ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ, ਸਾਬਕਾ ਪ੍ਰਧਾਨ ਸੁਭਾਸ਼ ਚਾਵਲਾ, ਕੌਂਸਲਰ ਗੁਰਬਖਸ਼ ਰਾਵਤ, ਗੁਰਪ੍ਰੀਤ ਗਾਬੀ ਸਣੇ ਹੋਰਨਾਂ ਕਾਂਗਰਸੀ ਡੈਲੀਗੇਟਸ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਹੈ। ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਕੀਤੀ ਜਾਵੇਗੀ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਲੋਕਤੰਤਰ ਦੀ ਹੱਤਿਆ ਕਰ ਰਹੀ ਹੈ, ਜਦੋਂ ਕਿ ਕਾਂਗਰਸ ਪਾਰਟੀ ਲੋਕਤੰਤਰ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲਈ ਆਪਣੀ ਸਾਰੀ ਜ਼ਿੰਦਗੀ ਵਾਰਨ ਵਾਲੇ ਗਾਂਧੀ ਪਰਿਵਾਰ ਨੇ ਕੌਮੀ ਪ੍ਰਧਾਨ ਦੀ ਚੋਣ ਵਿੱਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਗਾਂਧੀ ਪਰਿਵਾਰ ਨੇ ਕਾਂਗਰਸ ਪਾਰਟੀ ਅਤੇ ਦੇਸ਼ ਲਈ ਆਪਣਾ ਜੀਵਨ ਵਾਰ ਦਿੱਤਾ ਹੈ।
ਪ੍ਰਧਾਨਗੀ ਉਮੀਦਵਾਰ ਸ਼ਸ਼ੀ ਥਰੂਰ ਨੂੰ ਨਾਂ ਮਿਲੇ ਪੋਲਿੰਗ ਏਜੰਟ
ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਸ਼ਸ਼ੀ ਥਰੂਰ ਨੂੰ ਚੰਡੀਗੜ੍ਹ ਵਿੱਚ ਪੋਲਿੰਗ ਏਜੰਟ ਤੱਕ ਨਹੀਂ ਮਿਲਿਆ ਜਦੋਂ ਕਿ ਮਲਿਕਾਰਜੁਨ ਖੜਗੇ ਦੇ ਪੋਲਿੰਗ ਏਜੰਟ ਧਰਮਵੀਰ ਤੇ ਭੁਪਿੰਦਰ ਬੂਰਾ ਚੋਣ ਪ੍ਰਕੀਰਿਆ ਸਮੇਂ ਹਾਜ਼ਰ ਰਹੇ।