ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 16 ਅਕਤੂਬਰ
ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਦੀ ਚੋਣ ਲਈ 17 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਸਾਰੀਆਂ ਤਿਆਰੀਆਂ ਮੁਕੰਮਲ ਹਨ। ਚੋਣਾਂ ਨੂੰ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੌਮੀ ਪ੍ਰਧਾਨ ਦੀ ਚੋਣ ਲਈ ਚੰਡੀਗੜ੍ਹ ਕਾਂਗਰਸ ਦੇ 37 ਡੈਲੀਗੇਟ ਸੋਮਵਾਰ ਨੂੰ ਸੈਕਟਰ-35 ਸਥਿਤ ਚੰਡੀਗੜ੍ਹ ਕਾਂਗਰਸ ਭਵਨ ਵਿਖੇ ਹੀ ਆਪਣੇ ਵੋਟ ਦੀ ਵਰਤੋਂ ਕਰਨਗੇ।
ਇਸ ਬਾਰੇ ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਕੌਮੀ ਪ੍ਰਧਾਨ ਦੀ ਚੋਣ ਲਈ ਵੋਟਿੰਗ ਸਵੇਰੇ 10 ਵਜੇ ਸ਼ੁਰੂ ਹੋਵੇਗੀ ਜਦੋਂ ਕਿ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਕੀਤੀ ਜਾਵੇਗੀ। ਗੌਰਤਲਬ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣਾਂ ਲਈ ਚੋਣ ਮੈਦਾਨ ਵਿੱਚ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਕਿਸਮਤ ਅਜ਼ਮਾ ਰਹੇ ਹਨ।
ਪ੍ਰਧਾਨਗੀ ਦੇ ਉਮੀਦਵਾਰਾਂ ਵੱਲੋਂ ਵੋਟਿੰਗ ਲਈ ਚੰਡੀਗੜ੍ਹ ਵਿੱਚ ਆਪੋ-ਆਪਣੇ ਪੋਲਿੰਗ ਏਜੰਟ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵੱਲੋਂ ਵੋਟਿੰਗ ਦੀ ਸਾਰੀ ਪ੍ਰੀਕਿਰੀਆ ਪੂਰੀ ਹੋਣ ਤੱਕ ਵੋਟਿੰਗ ਸੈਂਟਰ ਵਿੱਚ ਹਾਜ਼ਰ ਰਹਿਣਗੇ।