ਮੁਕੇਸ਼ ਕੁਮਾਰ
ਚੰਡੀਗੜ੍ਹ, 17 ਦਸੰਬਰ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਦੌਰਾਨ ਹਿਮਾਚਲ ਦੇ ਲੋਕਾਂ ਦੀਆਂ ਵੋਟਾਂ ਨਿਰਣਾਇਕ ਭੂਮਿਕਾ ਨਿਭਾਉਣਗੀਆਂ।
ਜੈ ਰਾਮ ਠਾਕੁਰ ਅੱਜ ਸ਼ੁੱਕਰਵਾਰ ਨੂੰ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਚੋਣ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਜੈ ਰਾਮ ਠਾਕੁਰ ਨੇ ਅੱਜ ਵਾਰਡ ਨੰਬਰ 6 ਤੋਂ ਪਾਰਟੀ ਉਮੀਦਵਾਰ ਸਰਵਜੀਤ ਕੌਰ ਢਿੱਲੋਂ ਦੇ ਹੱਕ ਵਿੱਚ ਐੱਮ.ਐੱਚ.ਸੀ ਮਾਰਕੀਟ ਗਰਾਊਂਡ, ਵਾਰਡ ਨੰਬਰ 14 ਤੋਂ ਪਾਰਟੀ ਉਮੀਦਵਾਰ ਕੁਲਜੀਤ ਸਿੰਘ ਸੰਧੂ ਦੇ ਹੱਕ ਵਿੱਚ ਧਨਾਸ, ਵਾਰਡ ਨੰਬਰ 11 ਤੋਂ ਪਾਰਟੀ ਉਮੀਦਵਾਰ ਅਨੂਪ ਗੁਪਤਾ ਦੇ ਹੱਕ ਵਿੱਚ ਸੈਕਟਰ 21, ਵਾਰਡ ਨੰਬਰ 29 ਤੋਂ ਪਾਰਟੀ ਉਮੀਦਵਾਰ ਰਵਿੰਦਰ ਪਠਾਨੀਆ ਦੇ ਹੱਕ ਵਿੱਚ ਸੈਕਟਰ-56, ਵਾਰਡ ਨੰਬਰ 31 ਤੋਂ ਭਰਤ ਕੁਮਾਰ ਦੇ ਹੱਕ ਵਿੱਚ ਸੈਕਟਰ-52, ਵਾਰਡ ਨੰਬਰ 30 ਤੋਂ ਸ਼ਕਤੀ ਦੇਵਸ਼ਾਲੀ ਦੇ ਹੱਕ ਵਿੱਚ ਸੈਕਟਰ-41 ਅਤੇ ਸੈਕਟਰ-29 ਵਿੱਚ ਪਾਰਟੀ ਦੇ ਹਿਮਾਚਲ ਸੈੱਲ ਦੀ ਜਨ ਸਭਾਵਾਂ ਨੂੰ ਸੰਬੋਧਨ ਕੀਤਾ।
ਜੈਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਦੇ ਕਈ ਲੋਕਾਂ ਨੇ ਚੰਡੀਗੜ੍ਹ ਨੂੰ ਆਪਣਾ ਪੱਕਾ ਘਰ ਬਣਾ ਲਿਆ ਹੈ। ਹਿਮਾਚਲ ਦੇ ਬਹੁਤ ਸਾਰੇ ਲੋਕ ਆਪਣੇ ਰੋਜ਼ਾਨਾ ਦੇ ਕੰਮ ਲਈ ਚੰਡੀਗੜ੍ਹ ਆਉਂਦੇ ਹਨ ਅਤੇ ਚੰਡੀਗੜ੍ਹ ਦੇ ਲੋਕਾਂ ਦੀਆਂ ਸਨਅਤਾਂ ਹਿਮਾਚਲ ਵਿੱਚ ਹਨ। ਅਜਿਹੇ ’ਚ ਹਿਮਾਚਲ ਅਤੇ ਚੰਡੀਗੜ੍ਹ ਦੇ ਲੋਕਾਂ ਦਾ ਆਪਸੀ ਪਰਿਵਾਰਕ ਰਿਸ਼ਤਾ ਹੈ। ਇਸ ਦੇ ਮੱਦੇਨਜ਼ਰ ਅਤੇ ਚੰਡੀਗੜ੍ਹ ਵਿੱਚ ਵੱਸਦੇ ਹਿਮਾਚਲ ਦੇ ਲੋਕਾਂ ਦੀ ਸਹੂਲਤ ਲਈ ਮੁੱਖ ਮੰਤਰੀ ਸਿੰਗਲ ਵਿੰਡੋ ਇਥੇ ਸੈਕਟਰ 28 ਸਥਿਤ ਹਿਮਾਚਲ ਭਵਨ ਵਿੱਚ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਚੰਡੀਗੜ੍ਹ ਵਿੱਚ ਰਹਿੰਦੇ ਸਾਰੇ ਹਿਮਾਚਲ ਵਾਸੀ ਸੂਬੇ ਦੇ ਵਿਕਾਸ ਲਈ ਆਪਣੀਆਂ ਸ਼ਿਕਾਇਤਾਂ ਅਤੇ ਸੁਝਾਅ ਦੇ ਸਕਦੇ ਹਨ। ਹਿਮਾਚਲ ਦੇ ਲੋਕਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹ ਇਸ ਗੱਲ ਦਾ ਸਬੂਤ ਹੈ ਕਿ ਚੰਡੀਗੜ੍ਹ ਨਿਗਮ ਦੀ ਸੱਤਾ ਸੰਭਾਲਣ ਵਾਲੀ ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ।
ਹਿਮਾਚਲ ਦੇ ਸਹਿ-ਇੰਚਾਰਜ ਅਤੇ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਟੰਡਨ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਇੱਥੇ ‘ਸਬਕਾ ਸਾਥ, ਸਬਕਾ ਵਿਕਾਸ’ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਇਸ ਮੌਕੇ ਜੈ ਰਾਮ ਠਾਕੁਰ ਦੇ ਪ੍ਰੋਗਰਾਮਾਂ ਦੇ ਕਨਵੀਨਰ ਅਤੇ ਪਾਰਟੀ ਦੇ ਜਨਰਲ ਸਕੱਤਰ ਚੰਦਰਸ਼ੇਖਰ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਨਿਗਮ ਚੋਣਾਂ ਵਿੱਚ ਭਾਜਪਾ ਹੋਰ ਮਜ਼ਬੂਤ ਹੋ ਰਹੀ ਹੈ।
ਠਾਕੁਰ ਦੇ ਦੌਰੇ ਤੋਂ ਬਾਅਦ ਹਿਮਾਚਲ ਦੇ ਲੋਕ ਭਾਜਪਾ ਨਾਲ ਇਕਤਰਫਾ ਹੋ ਕੇ ਆਉਣਗੇ। ਇਸ ਮੌਕੇ ਵਾਰਡ ਪ੍ਰਧਾਨ ਮਨਦੀਪ ਕੌਰ, ਦੀਪਕ ਉਨਿਆਲ, ਸੁਮਿਤਾ ਕੋਹਲੀ, ਨਰਾਇਣ ਪ੍ਰਸ਼ਾਦ, ਲਲਿਤਾ ਚੌਹਾਨ, ਦੁਰਯੋਧਨ ਰਾਣਾ, ਓ.ਪੀ ਸਿੰਘ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ।
ਭਾਜਪਾ ਦਾ ਚੋਣ ਮਨੋਰਥ ਪੱਤਰ ‘ਝੂਠ ਦਾ ਪੁਲੰਦਾ’: ਕਾਂਗਰਸ
ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਅਖਾੜਾ ਮਘ ਚੁੱਕਿਆ ਹੈ। ਅੱਜ ਚੰਡੀਗੜ੍ਹ ਕਾਂਗਰਸ ਦਫ਼ਤਰ ਵਿੱਚ ਸੁਜਾਨਪੁਰ ਦੇ ਵਿਧਾਇਕ ਰਾਜਿੰਦਰ ਰਾਣਾ ਦੀ ਅਗਵਾਈ ਹੇਠ ਹਿਮਾਚਲੀ ਮੂਲ ਦੇ 5 ਦਰਜਨ ਤੋਂ ਵੱਧ ਲੋਕ ਭਾਜਪਾ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਕਾਂਗਰਸ ਦੇ ਕੌਮੀ ਬੁਲਾਰੇ ਪਵਨ ਖੇੜਾ, ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਅਤੇ ਕੌਮੀ ਕੋਆਰਡੀਨੇਟਰ ਅਭਿਸ਼ੇਕ ਦੱਤ ਵੀ ਮੌਜੂਦ ਸਨ। ਇਸਦੇ ਨਾਲ ਹੀ ਚੰਡੀਗੜ੍ਹ ਕਾਂਗਰਸ ਨੇ ਭਾਜਪਾ ਵੱਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਨੂੰ ‘ਝੂਠ ਦਾ ਪੁਲੰਦਾ’ ਕਰਾਰ ਦਿੱਤਾ ਹੈ। ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਵੱਲੋਂ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਹਫ਼ਤੇ ਪਹਿਲਾਂ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸਪੱਸ਼ਟ ਕਿਹਾ ਸੀ ਕਿ ਲਾਲ ਡੋਰੇ ਦੇ ਬਾਹਰ ਬਣੀਆਂ ਸਾਰੀਆਂ ਉਸਾਰੀਆਂ ਨੂੰ ਢਾਹ ਦਿੱਤਾ ਜਾਵੇਗਾ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੀ ਲਾਲ ਡੋਰਾ ਤੋਂ ਬਾਹਰ ਕਿਸੇ ਵੀ ਉਸਾਰੀ ਨੂੰ ਨਿਯਮਤ ਕਰਨ ਦੀ ਕੋਈ ਯੋਜਨਾ ਨਹੀਂ ਹੈ, ਪਰ ਲੈਂਡ ਪੂਲਿੰਗ ਅਤੇ ਐਗਰੀਗੇਸ਼ਨ ਨੀਤੀ ਤਹਿਤ ਇਸ ਨੂੰ ਵਪਾਰਕ ਉਦੇਸ਼ਾਂ ਲਈ ਵਰਤਣ ਦੀ ਯੋਜਨਾ ਹੈ। ਪਾਰਟੀ ਬੁਲਾਰੇ ਨੇ ਅੱਗੇ ਕਿਹਾ ਕਿ ਇਹ ਮੈਨੀਫੈਸਟੋ ਸਫ਼ਾਈ ਅਤੇ ਸਫ਼ਾਈ ਦੇ ਮਾਮਲਿਆਂ ਵਿੱਚ ਸ਼ਹਿਰ ਦੀ ਦਰਜਾਬੰਦੀ ਵਿੱਚ ਸੁਧਾਰ ਕਰਨ ਲਈ ਪੂਰੀ ਤਰ੍ਹਾਂ ਖਾਮੋਸ਼ ਹੈ।