ਮੁਕੇਸ਼ ਕੁਮਾਰ
ਚੰਡੀਗੜ੍ਹ, 26 ਜੂਨ
ਅੱਜ ਸਵੇਰੇ ਤੜਕੇ ਆਈ ਤੇਜ਼ ਹਨੇਰੀ ਕਾਰਨ ਇੱਥੇ ਸੈਕਟਰ 15 ਬੀ ਵਿੱਚ ਇੱਕ ਵੱਡਾ ਦਰੱਖਤ ਜੜ੍ਹੋਂ ਉਖੜ ਕੇ ਨਾਲ ਲੱਗਦੇ ਘਰ ’ਤੇ ਡਿੱਗ ਪਿਆ ਜਿਸ ਦੌਰਾਨ ਆਪਣੇ ਘਰ ਬਾਹਰ ਖੜ੍ਹੇ ਸਕੂਟਰ ਨੂੰ ਇੱਕ ਪਾਸੇ ਕਰਨ ਆਏ ਬਜ਼ੁਰਗ ਪਤੀ ਤੇ ਪਤਨੀ ਇਸ ਦਰੱਖਤ ਥੱਲੇ ਦੱਬ ਗਏ ਅਤੇ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਸੈਕਟਰ 15 ਦੇ ਮਕਾਨ ਨੰਬਰ 1221 ਵਾਸੀ ਕਮਲ ਕਿਸ਼ੋਰ ਗਰਗ ਅਤੇ ਸੁਨੀਤਾ ਰਾਣੀ ਦਰੱਖਤ ਥੱਲੇ ਦਬਣ ਕਾਰਨ ਜ਼ਖਮੀ ਹੋ ਗਏ।
ਦਰੱਖਤ ਡਿੱਗਣ ਕਾਰਨ ਉਨ੍ਹਾਂ ਦੇ ਮਕਾਨ ਨੂੰ ਵੀ ਨੁਕਸਾਨ ਪੁੱਜਾ ਹੈ। ਦਰੱਖਤ ਥੱਲੇ ਦਬੀ ਬਜ਼ੁਰਗ ਮਹਿਲਾ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਅਤੇ ਇਲਾਜ ਲਈ ਸੈਕਟਰ 16 ਦੇ ਸਰਕਾਰੀ ਹਸਤਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਲਗਪਗ ਇੱਕ ਮਹੀਨਾ ਪਹਿਲਾਂ ਇਸ ਦਰੱਖਤ ਨੂੰ ਲੈ ਕੇ ਇਸ ਬਜ਼ੁਰਗ ਪਤੀ-ਪਤਨੀ ਨੇ ਪ੍ਰਸ਼ਾਸਨ ਨੂੰ ਹਟਵਾਉਣ ਲਈ ਲਿਖਿਆ ਸੀ।
ਦਰੱਖਤ ਡਿੱਗਣ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹੀਆਂ ਅਤੇ ਇਸ ਨੂੰ ਹਟਾਉਣ ਲਈ ਨਿਗਮ ਦੀ ਟੀਮ ਮੌਕੇ ’ਤੇ ਪਹੁੰਚੀ। ਇਸ ਤੋਂ ਇਲਾਵਾ ਅੱਜ ਤੜ੍ਹਕੇ ਆਈ ਹਨ੍ਹੇਰੀ ਕਾਰਨ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪੁੱਜਾ ਹੈ ਜਦਕਿ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ।
ਨਗਰ ਨਿਗ਼ਮ ਦੇ ਬਾਗ਼ਬਾਨੀ ਵਿਭਾਗ ਦੀਆਂ ਟੀਮਾਂ ਉੱਖੜੇ ਦਰੱਖਤਾਂ ਦੀ ਰਹਿੰਦ-ਖੂੰਹਦ ਹਟਾਉਣ ਵਿੱਚ ਲੱਗੀਆਂ ਹੋਈਆਂ ਸਨ। ਇਸ ਦੌਰਾਨ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਮਹਿਲਾ ਆਗੂ ਦੀਪਾ ਦੂਬੇ ਨੇ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸ਼ਹਿਰ ਵਾਸੀ ਦਰੱਖਤਾਂ ਦੇ ਖਤਰੇ ਹੇਠ ਜੀਅ ਰਹੇ ਹਨ ਪਰ ਦੂਜੇ ਪਾਸੇ ਪ੍ਰਸ਼ਾਸਨ ਮੂਕ ਦਰਸ਼ਕ ਬਣੀ ਬੈਠਾ ਹੈ।
ਖ਼ਤਰਨਾਕ ਦਰੱਖਤਾਂ ਜਲਦੀ ਹਟਾਵਾਂਗੇ: ਐੱਸਈ
ਚੰਡੀਗੜ੍ਹ ਨਗਰ ਨਿਗਮ ਦੇ ਬਾਗ਼ਬਾਨੀ ਵਿਭਾਗ ਦੇ ਐੱਸਈ ਕਿਸ਼ਨ ਪਾਲ ਸਿੰਘ ਨੇ ਦੱਸਿਆ ਕਿ ਨਿਗਮ ਵੱਲੋਂ ਸ਼ਹਿਰ ਵਿੱਚ ਖ਼ਤਰਨਾਕ ਐਲਾਨੇ ਜਾ ਚੁੱਕੇ ਦਰੱਖਤਾਂ ਦੀ ਨਿਸ਼ਾਨਦੇਹੀ ਕਰ ਕੇ ਉਨ੍ਹਾਂ ਨੂੰ ਛੇਤੀ ਹੀ ਹਟਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹੜੇ ਦਰੱਖਤ ਕੀੜਾ ਲੱਗਣ ਕਾਰਨ ਕਮਜ਼ੋਰ ਹੋ ਜਾਣ ਕਾਰਨ ਸੁੱਕ ਰਹੇ ਹਨ, ਉਨ੍ਹਾਂ ਦੀ ਦੇਖਭਾਲ ਕਰ ਕੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।