ਟ੍ਰਿਬਿਊਨ ਨਿਊਜ਼ ਸਰਵਿਸ
ਜ਼ੀਰਕਪੁਰ, 17 ਅਪਰੈਲ
ਗੋਵਿੰਦ ਵਿਹਾਰ ਬਲਟਾਣਾ ’ਚ ਚੋਰਾਂ ਨੇ ਉਸਾਰੀ ਅਧੀਨ ਮਕਾਨ ਵਿੱਚੋਂ ਅੱਸੀ ਕਿਲੋ ਸਰੀਆ ਅਤੇ ਪਾਣੀ ਵਾਲੀ ਮੋਟਰ ਚੋਰੀ ਕਰ ਲਈ। ਮਕਾਨ ਮਾਲਕ ਵਰੁਣ ਨੇ ਦੱਸਿਆ ਕਿ ਉਸ ਦੇ ਮਕਾਨ ’ਚੋਂ ਚੋਰਾਂ ਨੇ ਪਹਿਲੇ ਦਿਨ ਅੱਸੀ ਕਿਲੋ ਸਰੀਆ ਚੋਰੀ ਕੀਤਾ ਅਤੇ ਦੂਜੇ ਦਿਨ ਪਾਣੀ ਵਾਲੀ ਮੋਟਰ ਚੋਰੀ ਕਰਕੇ ਲੈ ਗਏ। ਉਨ੍ਹਾਂ ਸੁਸਾਇਟੀ ਦੇ ਮੁਖੀ ਨੂੰ ਅਪੀਲ ਕੀਤੀ ਕਿ ਉਹ ਸੁਸਾਇਟੀ ਦੇ ਚਾਰ ਗੇਟਾਂ ਵਿੱਚੋਂ ਸਿਰਫ਼ ਇਕ ਜਾਂ ਦੋ ਗੇਟ ਖੋਲ੍ਹਣ ਅਤੇ ਇਕ ਸੁਰੱਖਿਆ ਗਾਰਡ ਤਾਇਨਾਤ ਕਰਨ ਤਾਂ ਜੋ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਗੋਵਿੰਦ ਵਿਹਾਰ ਸੁਸਾਇਟੀ ਦੇ ਪ੍ਰਧਾਨ ਰਾਮ ਕੁਮਾਰ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਰੋਕਣ ਲਈ ਸੁਸਾਇਟੀ ਦੇ ਮੁੱਖ ਗੇਟਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣਗੇ। ਸੁਸਾਇਟੀ ਵਾਸੀਆਂ ਦੀ ਸ਼ਿਕਾਇਤ ਹੈ ਕਿ ਕਥਿਤ ਕੇਬਲ ਅਪਰੇਟਰ ਆਪਣੀ ਮਰਜ਼ੀ ਨਾਲ ਮਕਾਨਾਂ ਦੀਆਂ ਛੱਤਾਂ ’ਤੇ ਬੇਰੋਕ-ਟੋਕ ਕੇਬਲ ਕੁਨੈਕਸ਼ਨ ਦੇ ਬਹਾਨੇ ਚੜ੍ਹ ਜਾਂਦੇ ਹਨ। ਇਸੇ ਤਰ੍ਹਾਂ ਦਾ ਕਾਰਜ ਕਰਨ ਦੇ ਬਹਾਨੇ ਸ਼ਰਾਰਤੀ ਤੱਤ ਵੀ ਆਪਣੀ ਕਾਰਵਾਈ ਨੂੰ ਅੰਜਾਮ ਦੇਣ ਵਿਚ ਸਫ਼ਲ ਹੋ ਜਾਂਦੇ ਹਨ।
ਬਲਟਾਣਾ ਚੌਕੀ ਇੰਚਾਰਜ ਭਿੰਡਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਇਸ ਘਟਨਾ ਦੀ ਜਾਣਕਾਰੀ ਨਹੀਂ ਮਿਲੀ। ਜੇ ਕੋਈ ਉਨ੍ਹਾਂ ਕੋਲ ਚੋਰੀ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਆਵੇਗਾ ਤਾਂ ਉਹ ਤੁਰੰਤ ਬਣਦੀ ਕਾਰਵਾਈ ਕਰਨਗੇ।