ਆਤਿਸ਼ ਗੁਪਤਾ
ਚੰਡੀਗੜ੍ਹ, 13 ਮਈ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਰਹਿੰਦੇ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਸ਼ੁੱਕਰਵਾਰ ਤੋਂ ਕਰੋਨਾ ਰੋਕੂ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ ਜਿਸ ਲਈ ਵੀਰਵਾਰ ਦੁਪਹਿਰ 3 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਸੀ। ਅੱਧੇ ਘੰਟੇ ਵਿੱਚ 8 ਹਜ਼ਾਰ ਨੌਜਵਾਨਾਂ ਨੇ ਵੈਕਸੀਨੇਸ਼ਨ ਲਈ ਰਜਿਸਟਰਡ ਕਰਵਾਇਆ ਜਿਸ ਤੋਂ ਬਾਅਦ ਰਜਿਸਟਰੇਸ਼ਨ ਰੋਕ ਦਿੱਤੀ। ਰਜਿਸਟ੍ਰੇਸ਼ਨ ਰੋਜ਼ਾਨਾ ਸਵੇਰੇ 10 ਵਜੇ ਖੋਲ੍ਹੀ ਜਾਵੇਗੀ ਅਤੇ ਇਕ ਹਜ਼ਾਰ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ ਨੇ ਕੀਤਾ।
ਡਾਇਰੈਕਟਰ ਸਿਹਤ ਸੇਵਾਵਾਂ ਨੇ ਦੱਸਿਆ ਕਿ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਵੈਕਸੀਨੇਸ਼ਨ ਲਈ 7 ਕੇਂਦਰ ਸਥਾਪਿਤ ਕੀਤੇ ਹਨ। ਜਿੱਥੇ ਰੋਜ਼ਾਨਾ ਸਵੇਰੇ 10 ਵਜੇ ਵੈਕਸੀਨੇਸ਼ਨ ਸ਼ੁਰੂ ਕੀਤੀ ਜਾਵੇਗੀ। ਜਿਸ ਵਿੱਚ ਨੇਹਰੂ ਹਸਪਤਾਲ ਪੀਜੀਆਈ, ਆਡੀਟੋਰੀਅਮ ਸੈਕਟਰ-16 ਹਸਪਤਾਲ ਨਰਸ ਹੋਸਟਲ, ਸਰਕਾਰੀ ਮਾਡਲ ਸਕੂਲ ਮਨੀਮਾਜਰਾ, ਸਰਕਾਰੀ ਮਾਡਲ ਸਕੂਲ ਸੈਕਟਰ-45, ਪਹਿਲੀ ਮੰਜ਼ਿਲ ਐੱਚਡਬਲਿਊਸੀ ਮਲੋਆ, ਐੱਚਐੱਸ ਜੱਜ ਡੈਂਟਲ ਕਾਲਜ ਅਤੇ ਸੈਕਟਰ-32 ਹਸਪਤਾਲ ਦੀ ਸਾਈਟ-1 ਸ਼ਾਮਲ ਹਨ। ਜਿੱਥੇ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਸ਼ਹਿਰ ਵਿੱਚ ਪਹਿਲੇ ਹੀ ਦਿਨ 8 ਦਿਨਾਂ ਦੇ ਟੀਕਾਕਰਨ ਲਈ ਰਜਿਸਟਰੇਸ਼ਨ ਹੋ ਚੁੱਕੀ ਹੈ। ਕੇਂਦਰ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਵੈਕਸੀਨੇਸ਼ਨ ਲਈ 33 ਹਜ਼ਾਰ ਡੋਜ਼ਾਂ ਭੇਜੀਆਂ ਹਨ। ਜੋ ਕਿ ਲੋੜ ਨਾਲੋਂ ਬਹੁਤ ਘੱਟ ਹੈ। ਉਨ੍ਹਾਂ ਦੱਸਿਆ ਕਿ ਯੂਟੀ ਪ੍ਰਸ਼ਾਸਨ ਨੇ ਵੈਕਸੀਨੇਸ਼ਨ ਦੀ ਉਪਲੱਬਧਤਾ ਨੂੰ ਵੇਖਦਿਆਂ ਰੋਜ਼ਾਨਾ ਇਕ ਹਜ਼ਾਰ ਨੌਜਵਾਨਾਂ ਦੇ ਟੀਕਾਕਰਨ ਦਾ ਫ਼ੈਸਲਾ ਕੀਤਾ ਹੈ। ਵੈਕਸੀਨੇਸ਼ਨ ਦੀ ਹੋਰ ਖੇਪ ਆਉਣ ’ਤੇ ਟੀਕਾਕਰਨ ਵਧਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 45 ਸਾਲ ਤੋਂ ਵੱਧ ਉਮਰ ਵਰਗ ਦੇ ਟੀਕਾਕਰਨ ਆਮ ਵਾਂਗ ਜਾਰੀ ਰਹੇਗਾ ਜਿਸ ਲਈ 55 ਵੈਕਸੀਨੇਸ਼ਨ ਕੇਂਦਰ ਬਣਾਏ ਗਏ ਹਨ।