ਮਿਹਰ ਸਿੰਘ
ਕੁਰਾਲੀ, 14 ਅਪਰੈਲ
ਇਲਾਕੇ ਵਿੱਚ ਸਰਗਰਮ ਪਸ਼ੂ ਚੋਰ ਗਰੋਹ ਨੇ ਕੁਰਾਲੀ ਵਿੱਚੋਂ ਤਿੰਨ ਅਤੇ ਕਕਰਾਲੀ ਤੋਂ ਪੰਜ ਮੱਝਾਂ ਚੋਰੀ ਕਰ ਲਈਆਂ ਹਨ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਪਹਿਲੀ ਚੋਰੀ ਸ਼ਹਿਰ ਦੀ ਹੱਦ ਅੰਦਰ ਵਾਰਡ ਨੰਬਰ 12 ਦੇ ਇੱਕ ਪਸ਼ੂ ਡੇਅਰੀ ਫਾਰਮ ਵਿੱਚ ਵਾਪਰੀ। ਡੇਅਰੀ ਫਾਰਮ ਚਲਾ ਕੇ ਰਿੱਕੀ ਨੇ ਦੱਸਿਆ ਕਿ ਉਹ ਆਪਣੇ ਡੇਅਰੀ ਫਾਰਮ ਨੂੰ ਲੰਘੀ ਰਾਤ ਕਰੀਬ 11 ਵਜੇ ਬੰਦ ਕਰ ਕੇ ਗਿਆ ਸੀ ਅਤੇ ਅੱਜ ਜਦੋਂ ਤੜਕਸਾਰ ਮੁੜ ਫਾਰਮ ’ਤੇ ਆਇਆ ਤਾਂ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਉੱਥੋਂ ਵਧੀਆ ਨਸਲ ਵਾਲੀਆਂ ਤਿੰਨ ਮੱਝਾਂ ਖੋਲ੍ਹੀਆਂ ਹੋਈਆਂ ਸਨ। ਉਸ ਨੇ ਦੱਸਿਆ ਕਿ ਤਿੰਨੋਂ ਮੱਝਾਂ 20-20 ਲਿਟਰ ਦੁੱਧ ਦੇਣ ਵਾਲੀਆਂ ਸਨ ਅਤੇ ਉਨ੍ਹਾਂ ਦੀ ਕੀਮਤ ਕਰੀਬ 5 ਲੱਖ ਹੈ। ਦੂਜੀ ਘਟਨਾ ਪਿੰਡ ਕਕਰਾਲੀ ਵਿੱਚ ਵਾਪਰੀ। ਪਸ਼ੂ ਪਾਲਕ ਜਗਤਾਰ ਸਿੰਘ ਜੱਗੀ ਨੇ ਦੱਸਿਆ ਕਿ ਪੰਜ ਚੋਰ ਟਰੱਕ ਲੈ ਕੇ ਪਿੰਡ ਪੁੱਜੇ ਅਤੇ ਉਸਦੇ ਡੇਅਰੀ ਫਾਰਮ ਵਿੱਚੋਂ ਤਿੰਨ ਮੱਝਾਂ, ਇੱਕ ਝੋਟੀ ਅਤੇ ਇੱਕ ਕੱਟੀ ਲੈ ਗਏ ਜਿਨ੍ਹਾਂ ਦੀ ਕੀਮਤ 6 ਲੱਖ ਰੁਪਏ ਤੋਂ ਵੀ ਵੱਧ ਸੀ। ਪਿੰਡ ਚੈੜੀਆਂ ਦੇ ਇੱਕ ਡੇਅਰੀ ਫਾਰਮ ਤੋਂ ਵੀ ਕੁਝ ਦਿਨ ਪਹਿਲਾਂ ਮੱਝਾਂ ਚੋਰੀ ਹੋਈਆਂ ਸਨ। ਇਨ੍ਹਾਂ ਘਟਨਾਵਾਂ ਕਾਰਨ ਇਲਾਕੇ ਦੇ ਪਸ਼ੂ ਪਾਲਕ ਚਿੰਤਤ ਹਨ ਤੇ ਉਨ੍ਹਾਂ ਚੋਰ ਗਰੋਹ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।