ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਮਈ
ਚੰਡੀਗੜ੍ਹ ਨੂੰ ਸਨਅਤੀ ਹੱਬ ਬਣਾਉਣ ਲਈ ਸੰਸਦ ਮੈਂਬਰ ਕਿਰਨ ਖੇਰ ਦੀ ਅਗਵਾਈ ਹੇਠ ਬਣਾਈ ਗਈ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਉਦਯੋਗਿਕ ਅਤੇ ਵਪਾਰਕ ਜਾਇਦਾਦਾਂ ਦੇ ਨਾਲ-ਨਾਲ ਰਿਹਾਇਸ਼ੀ ਜਾਇਦਾਦ ਨੂੰ ਫਰੀ ਹੋਲਡ ਵਿੱਚ ਤਬਦੀਲ ਕਰਨ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਉਦਯੋਗਿਕ ਗਤੀਵਿਧੀਆਂ ਦੇ ਕਲੱਸਟਰ ਬਣਾਉਣ ਅਤੇ ਸੱਭਿਆਚਾਰਕ ਉਦੇਸ਼ ਲਈ ਜ਼ਮੀਨ ਦੀ ਅਲਾਟਮੈਂਟ ਬਾਰੇ ਵਿਚਾਰ ਚਰਚਾ ਕੀਤੀ ਗਈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੈਕਟਰ 7, 26 ਅਤੇ 8 ਵਿਚਲੀਆਂ ਦੁਕਾਨਾਂ ਨਾਲ ਸਬੰਧਤ ਮਸਲਿਆਂ ’ਤੇ ਵੀ ਗੱਲਬਾਤ ਕੀਤੀ।
ਮੀਟਿੰਗ ਵਿੱਚ ਉਦਯੋਗ ਵਿਭਾਗ ਵੱਲੋਂ ਉਦਯੋਗ ਨੀਤੀ 2015 ’ਤੇ ਮੁੜ ਵਿਚਾਰ ਕਰਨ ਦਾ ਫ਼ੈਸਲਾ ਲਿਆ ਗਿਆ ਤਾਂ ਜੋਂ ਐੱਮਐੱਸਐੱਮਈ ਐਕਟ 2006 ਦੇ ਅਧੀਨ ਸਾਰੇ ਪ੍ਰਵਾਨਿਤ ਉਦਯੋਗਾਂ ਨੂੰ ਵੀ ਉਦਯੋਗਿਕ ਖੇਤਰ ਚੰਡੀਗੜ੍ਹ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ। ਉਦਯੋਗ ਨੀਤੀ 2015 ’ਤੇ ਮੁੜ ਵਿਚਾਰ ਕਰਨ ਲਈ ਇਕ ਕਮੇਟੀ ਬਣਾਈ ਗਈ ਹੈ, ਜਿਸ ਵਿੱਚ ਡਿਪਟੀ ਕਮਿਸ਼ਨਰ-ਕਮ-ਐਸਟੇਟ ਅਫ਼ਸਰ, ਸੀਐੱਚਬੀ ਦੇ ਸੀਈਓ, ਸਹਾਇਕ ਐਸਟੇਟ ਅਫ਼ਸਰ, ਸਕੱਤਰ ਸੀਐੱਚਬੀ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਕੁਝ ਦਿਨਾਂ ਵਿੱਚ ਰਿਪੋਰਟ ਤਿਆਰ ਕਰਕੇ ਸੌਂਪੇਗੀ। ਯੂਟੀ ਪ੍ਰਸ਼ਾਸਨ ਦਾ ਮਕਸਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਵਿੱਚ ਉਦਯੋਗਿਕ ਹੱਬ ਸਥਾਪਿਤ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਸਮਾਜਿਕ-ਸੱਭਿਆਚਾਰਕ ਗਤੀਵਿਧੀਆਂ ਲਈ ਜ਼ਮੀਨ ਅਲਾਟ ਕਰਨ ਲਈ ਵੀ ਨਵੀਂ ਨੀਤੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ।