ਮੁਕੇਸ਼ ਕੁਮਾਰ
ਚੰਡੀਗੜ੍ਹ, 28 ਜਨਵਰੀ
ਚੰਡੀਗੜ੍ਹ ਹਾਊਸਿੰਗ ਬੋਰਡ (ਸੀਐੱਚਬੀ) ਦੇ ਫਲੈਟਾਂ ਦੇ ਅਲਾਟੀਆਂ ਵੱਲੋਂ ਮਕਾਨਾਂ ਵਿੱਚ ਜ਼ਰੂਰਤ ਅਨੁਸਾਰ ਕੀਤੀਆਂ ਵਾਧੂ ਉਸਾਰੀਆਂ ਅਤੇ ਤਬਦੀਲੀਆਂ ਨੂੰ ਰੈਗੂਲਰ ਕਰਵਾਉਣ ਲਈ ਪਿਛਲੇ ਤਿੰਨ ਦਹਾਕਿਆਂ ਤੋਂ ਰੇੜਕਾ ਜਾਰੀ ਹੈ। ਅੱਜ ਜਿਥੇ ਚੰਡੀਗੜ੍ਹ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ ਨੇ ਫਲੈਟਾਂ ਦੇ ਅਲਾਟੀਆਂ ਵੱਲੋਂ ਫਲੈਟਾਂ ਨੂੰ ਰੈਗੂਲਰ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੀਆਂ ਲਗਭਗ ਦਸ ਹਜ਼ਾਰ ਚਿੱਠੀਆਂ ਚੰਡੀਗੜ੍ਹ ਪ੍ਰਸ਼ਾਸਕ ਦੇ ਹਵਾਲੇ ਕੀਤੀਆਂ। ਇਸੇ ਦੌਰਾਨ ਹਾਊਸਿੰਗ ਬੋਰਡ ਦੇ ਫਲੈਟਾਂ ਦੇ ਵਾਸੀਆਂ ਦੀ ਜਥੇਬੰਦੀ ‘ਮਕਾਨ ਬਚਾਓ ਸਮਿਤੀ’ ਦੇ ਵਫਦ ਵੱਲੋਂ ਬੋਰਡ ਦੇ ਸੀਈਓ ਯਸ਼ਪਾਲ ਗਰਗ ਨਾਲ ਮੁਲਾਕਾਤ ਕੀਤੀ ਗਈ।
ਵੇਰਵਿਆਂ ਅਨੁਸਾਰ ਹਾਊਸਿੰਗ ਬੋਰਡ ਰੈਜ਼ੀਡੈਂਟਸ ਵੈਲਫੇਅਰ ਫੈਡਰੇਸ਼ਨ ਦੇ ਅਹੁਦੇਦਾਰਾਂ ਨੇ ਚੇਅਰਮੈਨ ਪ੍ਰੋ. ਨਿਰਮਲ ਦੱਤ ਦੇ ਅਗਵਾਈ ਹੇਠ ਅੱਜ ਇਥੇ ਰਾਜ ਭਵਨ ਵਿਚ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਫਲੈਟਾਂ ਦੇ ਅਲਾਟੀਆਂ ਵੱਲੋਂ ਮਕਾਨਾਂ ਵਿੱਚ ਕੀਤੀਆਂ ਵਾਧੂ ਉਸਾਰੀਆਂ ਨੂੰ ਰੈਗੂਲਰ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀਆਂ ਚਿੱਠੀਆਂ ਦੇ ਬੰਡਲ ਸੌਂਪੇ। ਪ੍ਰੋਫੈਸਰ ਨਿਰਮਲ ਦੱਤ ਨੇ ਦੱਸਿਆ ਕਿ ਇਨ੍ਹਾਂ ਉਸਾਰੀਆਂ ਨੂੰ ਦਿੱਲੀ ਦੀ ਤਰਜ਼ ’ਤੇ ਕਮੇਟੀ ਬਣਾ ਕੇ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੋਰਡ ਦੇ ਅਲਾਟੀਆਂ ’ਤੇ ਹਮੇਸ਼ਾ ਹਾਊਸਿੰਗ ਬੋਰਡ ਵੱਲੋਂ ਭੇਜੇ ਨੋਟਿਸਾਂ ਦੀ ਤਲਵਾਰ ਲਟਕੀ ਰਹਿੰਦੀ ਹੈ। ਪ੍ਰਸ਼ਾਸਕ ਨੇ ਅਲਾਟੀਆਂ ਦੀਆਂ ਸਮੱਸਿਆਵਾਂ ਬਾਰੇ ਢੁੱਕਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ।
ਸੀਈਓ ਨੂੰ ਮੰਗ ਪੱਤਰ ਸੋਂਪਿਆ
ਮਕਾਨ ਬਚਾਓ ਸਮਿਤੀ’ ਦੇ ਵਫਦ ਨੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ ਨਾਲ ਮੁਲਾਕਾਤ ਕਰ ਕੇ ਮਕਾਨਾਂ ਵਿੱਚ ਜ਼ਰੂਰਤ ਅਨੁਸਾਰ ਕੀਤੀਆਂ ਉਸਾਰੀਆਂ ਨੂੰ ਰੈਗੂਲਰ ਕਰਵਾਉਣ ਲਈ ਮੰਗ ਪੱਤਰ ਸੌਂਪਿਆ। ਮਕਾਨ ਬਚਾਓ ਸਮਿਤੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਸ੍ਰੀ ਗਰਗ ਨਾਲ ਅਲਾਟੀਆਂ ਦੀਆਂ ਸਮੱਸਿਆਵਾਂ ਨੂੰ ਵਿਚਾਰਿਆ ਗਿਆ।