ਆਤਿਸ਼ ਗੁਪਤਾ
ਚੰਡੀਗੜ੍ਹ, 10 ਅਗਸਤ
ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਨਵੀਂ ਆਬਕਾਰੀ ਨੀਤੀ ਕਰਕੇ ਸ਼ਰਾਬ ਦੀਆਂ ਕੀਮਤਾਂ ਘਟਣ ਦਾ ਅਸਰ ਰਾਜਧਾਨੀ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀਆਂ ’ਤੇ ਪੈ ਰਿਹਾ ਹੈ। ਜਿਨ੍ਹਾਂ ਨੇ ਅੱਜ ਬੁੱਧਵਾਰ ਨੂੰ ਸ਼ਹਿਰ ਦੇ ਸਾਰੇ ਸ਼ਰਾਬ ਦੇ ਠੇਕੇ ਬੰਦ ਕਰਕੇ ਸੈਕਟਰ-17 ਵਿੱਚ ਕਰ ਤੇ ਆਬਕਾਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਸ਼ਰਾਬ ਕਾਰੋਬਾਰੀਆਂ ਨੇ ਸ਼ਰਾਬ ’ਤੇ ਲੱਗਣ ਵਾਲੇ ਵੱਖ-ਵੱਖ ਕਿਸਮ ਦੇ ਟੈਕਸ ਘਟਾਉਣ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਸ਼ਰਾਬ ਕਾਰੋਬਾਰੀਆਂ ਵੱਲੋਂ ਦੋ ਮਹੀਨੇ ਤੋਂ ਲਗਾਤਾਰ ਸ਼ਰਾਬ ’ਤੇ ਲੱਗਣ ਵਾਲੇ ਟੈਕਸ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ। ਚੰਡੀਗੜ੍ਹ ਵਾਈਨ ਕੰਟਰੈਕਟਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਚੰਡੀਗੜ੍ਹ ਦੇ ਆਲੇ-ਦੁਆਲੇ ਪੰਜਾਬ ਤੇ ਹਰਿਆਣਾ ਦੀਆਂ ਸੜਕਾਂ ਲੱਗਦੀਆਂ ਹਨ। ਜਿੱਥੇ ਸ਼ਰਾਬ ਦੀਆਂ ਕੀਮਤਾਂ ਚੰਡੀਗੜ੍ਹ ਦੇ ਮੁਕਾਬਲੇ ਘੱਟ ਹੋਣ ਕਰਕੇ ਸ਼ਹਿਰ ਦੇ ਬਾਰਡਰ ਇਲਾਕੇ ਦੇ ਸ਼ਰਾਬ ਕਾਰੋਬਾਰੀਆਂ ਨੂੰ ਕਾਰੋਬਾਰ ਕਰਨ ਵਿੱਚ ਦਿੱਕਤ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚ ਸ਼ਰਾਬ ਕਾਰੋਬਾਰੀਆਂ ਵੱਲੋਂ ਸ਼ਰਾਬ ਤੈਅ ਕੀਮਤ ਨਾਲੋਂ ਵੀ ਘਟਾ ਕੇ ਦੇ ਦਿੱਤੀ ਜਾਂਦੀ ਹੈ, ਜਿਸ ਕਾਰਨ ਚੰਡੀਗੜ੍ਹ ਦੇ ਲੋਕ ਵੀ ਪੰਜਾਬ ਵਿੱਚੋਂ ਸ਼ਰਾਬ ਖਰੀਦ ਰਹੇ ਹਨ। ਇਸ ਤਰ੍ਹਾਂ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀਆਂ ਨੂੰ ਸ਼ਰਾਬ ਨੀਤੀ ਅਨੁਸਾਰ ਅਲਾਟ ਕੀਤਾ ਕੋਟਾ ਵੀ ਖਤਮ ਕਰਨਾ ਮੁਸ਼ਕਿਲ ਹੋ ਜਾਵੇਗਾ। ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਸਸਤੀ ਸ਼ਰਾਬ ਹੋਣ ਕਰਕੇ ਸਿਟੀ ਬਿਊਟੀਫੁੱਲ ਵਿੱਚ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਦੀ ਸਪਲਾਈ ਕੀਤੀ ਜਾ ਸਕਦੀ ਹੈ। ਇਸ ਨਾਲ ਹੀ ਸ਼ਹਿਰ ਦੇ ਸ਼ਰਾਬ ਕਾਰੋਬਾਰੀਆਂ ਤੇ ਯੂਟੀ ਪ੍ਰਸ਼ਾਸਨ ਨੂੰ ਮਿਲਣ ਵਾਲੇ ਟੈਕਸ ’ਤੇ ਅਸਰ ਪਵੇਗਾ। ਸ਼ਰਾਬ ਕਾਰੋਬਾਰੀਆਂ ਨੇ ਮੰਗ ਕੀਤੀ ਕਿ ਯੂਟੀ ਦੀ ਸ਼ਰਾਬ ਨੀਤੀ ਬਾਰੇ ਮੁੜ ਵਿਚਾਰ ਕੀਤਾ ਜਾਵੇ ਤੇ ਚੰਡੀਗੜ੍ਹ ਵਿੱਚ ਵੀ ਪੰਜਾਬ ਦੀ ਤਰਜ਼ ’ਤੇ ਸ਼ਰਾਬ ਦੇ ਟੈਕਸ ’ਤੇ ਛੁੱਟ ਦਿੱਤੀ ਜਾਵੇ। ਇਸ ਦੇ ਨਾਲ ਹੀ ਸ਼ਰਾਬ ਦੀਆਂ ਦੁਕਾਨਾਂ ਨੂੰ ਰਾਤ 12 ਵਜੇ ਤੱਕ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇ।
ਸ਼ਰਾਬ ਕਾਰੋਬਾਰੀਆਂ ਦੀਆਂ ਸਮੱਸਿਆ ਦਾ ਹੱਲ ਕੱਢਣ ਦਾ ਭਰੋਸਾ
ਯੂਟੀ ਪ੍ਰਸ਼ਾਸਨ ਦੇ ਕਰ ਤੇ ਆਬਕਾਰੀ ਵਿਭਾਗ ਦੇ ਇਕ ਅਧਿਕਾਰੀ ਨੇ ਸ਼ਹਿਰ ਦੇ ਸ਼ਰਾਬ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸ਼ਰਾਬ ਕਾਰੋਬਾਰੀਆਂ ਦੀਆਂ ਮੰਗਾਂ ਆਬਕਾਰੀ ਨੀਤੀ ਨਾਲ ਜੁੜੀਆਂ ਹੋਈਆਂ ਹਨ। ਇਸ ਬਾਰੇ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਤੇ ਹੋਰਨਾਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਤਾਂ ਜੋ ਸ਼ਰਾਬ ਦੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾ ਸਕੇ।