ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 7 ਮਾਰਚ
ਮਿਸ਼ਨ ਸ਼ਤ-ਪ੍ਰਤੀਸ਼ਤ ਸਮੇਤ ਵਿਭਾਗ ਦੇ ਹੋਰਨਾਂ ਟੀਚਿਆਂ ਦੀ ਪੂਰਤੀ ਲਈ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸੈਸ਼ਨ 2020-21 ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਬਣਾਉਣ ਲਈ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ 7 ਨਵੰਬਰ 2020 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਮਿਸ਼ਨ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਨੋਰਥ 100 ਫੀਸਦ ਵਿਦਿਆਰਥੀ ਪਾਸ ਹੋਣ ਤੇ ਵੱਧ ਤੋਂ ਵੱਧ ਵਿਦਿਆਰਥੀ 90 ਫੀਸਦ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਦੀ ਵੇਟੇਡ ਐਵਰੇਜ਼ ਵੀ ਵੱਧ ਹੋਵੇ। ਸਿੱਖਿਆ ਸਕੱਤਰ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਕੋਵਿਡ-19 ਦੇ ਮੱਦੇਨਜ਼ਰ ਤਾਲਾਬੰਦੀ ਦੌਰਾਨ ਯੋਧਿਆਂ ਵਾਂਗ ਸਾਹਮਣੇ ਆ ਕੇ ਕਾਰਜ ਕੀਤੇ ਹਨ। ਇਸ ਦੌਰਾਨ ਵਿਭਾਗ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਸਫਲ ਨਤੀਜੇ ਦੇਣ ਲਈ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ, ਨਾਨ-ਟੀਚਿੰਗ ਸਟਾਫ਼, ਮਿਡ-ਡੇਅ-ਮੀਲ ਵਰਕਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਤੇ ਪਤਵੰਤਿਆਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੈਸ਼ਨ 2020-21 ਦੇ ਦਾਖ਼ਲਿਆਂ ਵਿੱਚ ਰਿਕਾਰਡ ਵਾਧਾ ਕਰਨ ਲਈ ‘ਈਚ ਵਨ-ਬਰਿੰਗ ਵਨ’ ਮੁਹਿੰਮ, ਵਿਦਿਆਰਥੀਆਂ ਦੀ ਪੰਜਾਬ ਪ੍ਰਾਪਤੀ ਸਰਵੇਖਣ ਵਿੱਚ ਸ਼ਮੂਲੀਅਤ ਅਤੇ ਸ਼ਾਨਦਾਰ ਕਾਰਗੁਜ਼ਾਰੀ, ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿੱਚ ਲੱਖਾਂ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾ ਕੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਕਾਰਜ ਸ਼ਲਾਘਾਯੋਗ ਹਨ। ਸਿੱਖਿਆ ਸਕੱਤਰ ਨੇ ਵੱਧ ਹਾਜ਼ਰੀ ਵਾਲੇ ਸਕੂਲਾਂ ਦੇ ਮੁਖੀਆਂ ਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਯੋਜਨਾਬੰਦੀ ਬਾਰੇ ਵੀ ਵਧਾਈ ਦਿੱਤੀ ਅਤੇ ਨਾਲ ਹੀ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਕਰਨ ਬਾਰੇ ਵੀ ਜਾਗਰੂਕ ਕੀਤਾ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਨੈਤਿਕ ਸਿੱਖਿਆ ਦਾ ਵਿਸ਼ਾ ‘ਸਵਾਗਤ ਜ਼ਿੰਦਗੀ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਪਾਠਕ੍ਰਮ ਅਧਿਆਪਕਾਂ ਵੱਲੋਂ ਹੀ ਤਿਆਰ ਕੀਤਾ ਗਿਆ ਹੈ।