ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 6 ਜੁਲਾਈ
ਯੂਟੀ ਦੇ ਸਿੱਖਿਆ ਵਿਭਾਗ ਦੇ ਸੈਕਟਰ-9 ਸਕੱਤਰੇਤ ਦਫਤਰ ਦੇ ਮੁਲਾਜ਼ਮਾਂ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਦੀ ਇਮਾਰਤ ਨੂੰ ਅੱਜ ਸੀਲ ਕਰ ਦਿੱਤਾ ਗਿਆ ਹੈ ਤੇ ਸਾਰੇ ਮੁਲਾਜ਼ਮਾਂ ਨੂੰ ਘਰ ਤੋਂ ਹੀ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦਫਤਰ ’ਚ ਕਰੋਨਾ ਪਾਜ਼ੇਟਿਵ ਮੁਲਾਜ਼ਮ ਦੀ ਤਰੱਕੀ ਹੋਣ ਕਰਕੇ ਤੇ ਇਕ ਹੋਰ ਦੇ ਜਨਮਦਿਨ ਦੀ ਕੁਝ ਦਿਨ ਪਹਿਲਾਂ ਪਾਰਟੀ ਹੋਈ ਸੀ ਿਜਸ ਵਿਚ ਇਸੀ ਮੰਜ਼ਿਲ ਦੀਆਂ ਬਰਾਂਚਾਂ ਦੇ ਹੋਰ ਮੁਲਾਜ਼ਮ ਵੀ ਸ਼ਾਮਲ ਹੋਏ ਸਨ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਪਾਰਟੀ ਹੋਣ ਦੀ ਜਾਣਕਾਰੀ ਨਾ ਹੋਣ ਤੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਮੁਲਾਜ਼ਮਾਂ ਨੂੰ ਅਗਲੇ ਹੁਕਮਾਂ ਤਕ ਦਫਤਰ ਨਾ ਆਉਣ ਲਈ ਕਿਹਾ ਹੈ। ਇਥੋਂ ਦੀ ਇਮਾਰਤ ਨੂੰ ਸੈਨੇਟਾਈਜ਼ ਕਰਵਾਉਣ ਤੋਂ ਬਾਅਦ ਹੀ ਮੁਲਾਜ਼ਮਾਂ ਨੂੰ ਸੱਦਿਆ ਜਾਵੇਗਾ।
ਚੰਡੀਗੜ੍ਹ (ਆਤਿਸ਼ ਗੁਪਤਾ): ਸੈਕਟਰ-9 ਦੇ ਚੰਡੀਗੜ੍ਹ ਪੁਲੀਸ ਹੈਡਕੁਆਟਰ ਨਾਲ ਸਿੱਖਿਆ ਵਿਭਾਗ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪੁਲੀਸ ਹੈਡਕੁਆਟਰ ਨੂੰ ਦੋ ਦਿਨਾਂ ਲਈ ਸੀਲ ਕਰ ਦਿੱਤਾ ਹੈ। ਜਦਕਿ ਕੰਟਰੋਲ ਰੂਮ ਸੀਮਤ ਸਟਾਫ਼ ਨਾਲ ਜਾਰੀ ਰਹੇਗੀ। ਇਹ ਫੈਸਲਾ ਦੋਵਾਂ ਵਿਭਾਗਾਂ ਦੀ ਕੰਟੀਨ ਇੱਕ ਹੋਣ ਕਰਕੇ ਕੀਤਾ ਗਿਆ।
ਕਾਲਜ ਲੈਕਚਰਾਰਾਂ ਨੂੰ ਵੀ ਘਰਾਂ ਤੋਂ ਕੰਮ ਕਰਨ ਲਈ ਕਿਹਾ
ਡਾਇਰੈਕਟਰ ਹਾਇਰ ਐਜੂਕੇਸ਼ਨ ਰੁਬਿੰਦਰਜੀਤ ਸਿੰਘ ਬਰਾੜ ਨੇ ਅੱਜ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਪ੍ਰਾਈਵੇਟ ਕਾਲਜਾਂ ਦੇ ਲੈਕਚਰਾਰਾਂ ਨੂੰ ਵੀ 31 ਜੁਲਾਈ ਤਕ ਘਰ ਤੋਂ ਹੀ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਕਾਲਜਾਂ ਵਿਚ ਪੰਜਾਹ ਫੀਸਦੀ ਸਟਾਫ ਸੱਦਿਆ ਜਾ ਰਿਹਾ ਸੀ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਕੱਤਰ ਅਮਿਤ ਖਰੇ ਨੇ ਯੂਜੀਸੀ ਚੇਅਰਮੈਨ ਤੇ ਸਿੱਖਿਆ ਸੰਸਥਾਵਾਂ ਨੂੰ ਪੱਤਰ ਲਿਖ ਕੇ 31 ਜੁਲਾਈ ਤਕ ਸੰਸਥਾਵਾਂ ਬੰਦ ਕਰਨ ਦੀਆਂ ਹਦਾਇਤਾਂ ਕੀਤੀਆਂ ਸਨ ਤੇ ਉਨ੍ਹਾਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਯੂਟੀ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ। ਡਾਇਰੈਕਟਰ ਨੇ ਅੱਜ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਲੈਕਚਰਾਰਾਂ ਦੇ ਘਰਾਂ ਤੋਂ ਕੰਮ ਕਰਨ ਨਾਲ ਕਾਲਜਾਂ ਦੇ ਦਾਖਲਿਆਂ ਦਾ ਕੰਮ ਪ੍ਰਭਾਵਿਤ ਨਾ ਹੋਵੇ।ਪ੍ਰਿੰਸੀਪਲਾਂ ਨੂੰ ਅਧਿਕਾਰ ਦਿੱਤੇ ਗਏ ਹਨ ਕਿ ਦਾਖਲਿਆਂ ਲਈ ਆਪਣੇ ਸਟਾਫ ਨੂੰ ਲੋੜ ਅਨੁਸਾਰ ਬੁਲਾ ਸਕਦੇ ਹਨ।
ਅਧਿਆਪਕਾਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ
ਚੰਡੀਗੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੈਂਬਵਾਲਾ ਦੇ ਪ੍ਰਿੰਸੀਪਲ ਨੇ ਅੱਜ ਹੁਕਮ ਜਾਰੀ ਕੀਤੇ ਹਨ ਕਿ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਰੋਨਾ ਦੇ ਵਧਦੇ ਕੇਸਾਂ ਦੇ ਬਾਵਜੂਦ ਸਟਾਫ ਮੈਂਬਰ ਆਊਟ ਸਟੇਸ਼ਨ ਲੀਵ ਲੈ ਕੇ ਬਾਹਰ ਜਾ ਰਹੇ ਹਨ ਜਦਕਿ ਹਦਾਇਤਾਂ ਹਨ ਕਿ ਜੇ ਕੋਈ ਵੀ ਮੁਲਾਜ਼ਮ ਤਿੰਨ ਦਿਨ ਤੋਂ ਵਧ ਛੁੱਟੀ ਲੈ ਕੇ ਜਾਵੇਗਾ ਤਾਂ ਉਸ ਨੂੰ ਨਿਯਮਾਂ ਤਹਿਤ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ ਤੇ ਇਸ ਬਦਲੇ ਉਸ ਨੂੰ ਆਪਣੀ ਛੁੱਟੀ ਕਟਵਾਉਣੀ ਪਵੇਗੀ। ਜੇ ਕੋਈ ਕੰਟਰੈਕਟ ਮੁਲਾਜ਼ਮ ਸਟੇਸ਼ਨ ਛੱਡਦਾ ਹੈ ਤਾਂ ਉਸ ਨੂੰ ਵਿਦਾਊਟ ਪੇਅ ਕੀਤਾ ਜਾਵੇਗਾ। ਯੂਟੀ ਕੇਡਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਮੰਗ ਕੀਤੀ ਕਿ ਕਾਲਜ ਦੇ ਲੈਕਚਰਾਰਾਂ ਵਾਂਗ ਸਕੂਲਾਂ ਦੇ ਅਧਿਆਪਕਾਂ ਨੂੰ ਵੀ 31 ਜੁਲਾਈ ਤਕ ਘਰ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।