ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਫਰਵਰੀ
ਈਕੋਸਿੱਖ ਵੱਲੋਂ ਪੰਜਾਬ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ 400 ‘ਗੁਰੂ ਨਾਨਕ ਪਵਿੱਤਰ ਜੰਗਲ’ ਲਗਾਏ ਜਾ ਚੁੱਕੇ ਹਨ, ਜਿਹੜੇ ਵਾਤਾਵਰਨ ਦੀ ਸੰਭਾਲ ਦੇ ਨਾਲ ਪੰਛੀਆਂ ਅਤੇ ਜੀਵ ਜੰਤੂਆਂ ਦਾ ਰੈਣ ਬਸੇਰਾ ਵੀ ਬਣ ਰਹੇ ਹਨ।
ਜਥੇਬੰਦੀ ਦੇ ਸੰਸਥਾਪਕ ਡਾ. ਰਾਜਵੰਤ ਸਿੰਘ, ਡਾਇਰੈਕਟਰ ਸ਼ੁਭੇਂਦੂ ਸ਼ਰਮਾ ਅਤੇ ਕੌਮੀ ਪ੍ਰਧਾਨ ਸੁਪ੍ਰੀਤ ਕੌਰ ਨੇ ਕਿਹਾ ਕਿ ਗੁਰੂ ਪਵਿੱਤਰ ਜੰਗਲ ਲਾਉਣ ਦਾ ਕਾਰਜ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਅਤੇ ਆਲਮੀ ਤਪਸ਼ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਸ਼ੁਰੂ ਕੀਤਾ ਗਿਆ ਸੀ, ਜਿਸ ਤਹਿਤ ਤਿੰਨ ਸਾਲਾਂ ਵਿੱਚ 400 ਜੰਗਲ ਲਾਏ ਜਾ ਚੁੱਕੇ ਹਨ ਤੇ ਮੁਹਿੰਮ ਤਹਿਤ ਦੇਸ਼ ਭਰ ਵਿੱਚ ਮੁੜ ਜੰਗਲਾਂ ਦੇ ਖੇਤਰ ਨੂੰ ਵਧਾਇਆ ਜਾ ਸਕਦਾ ਹੈ। ਪ੍ਰਾਜੈਕਟ ਦੇ ਅਪਰੇਸ਼ਨਜ਼ ਹੈੱਡ ਪਵਨੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਜੰਗਲਾਂ ’ਚ ਪੰਜਾਬ ਦੇ 60 ਤੋਂ ਵੱਧ ਦੇਸੀ ਅਤੇ ਦੁਰਲਭ ਬੂਟਿਆਂ ਦੀਆਂ ਪ੍ਰਜਾਤੀਆਂ ਨੂੰ ਸੁਰੱਖਿਅਤ ਕੀਤਾ ਹੈ। ਕਨਵੀਨਰ ਚਰਨ ਸਿੰਘ ਨੇ ਕਿਹਾ ਕਿ ਪੰਜਾਬ ਵਿਚ 10 ਲੱਖ ਬੂਟੇ ਲਾਉਣ ਦਾ ਉਪਰਾਲਾ ਸਮੇਂ ਦੀ ਲੋੜ ਹੈ ਅਤੇ ਈਕੋਸਿੱਖ ਜਥੇਬੰਦੀ ਨੇ 2030 ਤੱਕ ਇਕ ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਹੈ।