ਮਿਹਰ ਸਿੰਘ
ਕੁਰਾਲੀ, 9 ਜੂਨ
ਸ਼ਹਿਰ ਦੇ ਵਾਰਡ ਨੰਬਰ 11 ਦੀਆਂ ਕਈ ਕਲੋਨੀਆਂ ਵਿੱਚ ਬੇਕਾਬੂ ਹੋਈ ਪੇਚਸ਼ ਦੀ ਬਿਮਾਰੀ ਦੀ ਖ਼ਬਰ ਤੋਂ ਸਿਹਤ ਵਿਭਾਗ ਅੱਜ ਹਰਕਤ ਵਿੱਚ ਆਇਆ। ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਵਾਰਡ ਦੇ 207 ਘਰਾਂ ਦਾ ਦੌਰਾ ਕੀਤਾ। ਜਦਕਿ ਅੱਜ 7 ਹੋਰ ਪੇਚਸ਼ ਦੇ ਕੇਸ ਸਾਹਮਣੇ ਆਏ ਹਨ। ਨਗਰ ਕੌਂਸਲ ਹਾਲੇ ਤੱਕ ਨੁਕਸ ਲੱਭਣ ਵਿੱਚ ਅਸਫਲ ਰਹੀ ਹੈ।
ਸ਼ਹਿਰ ਦੀਆਂ ਕਈ ਕਲੋਨੀਆਂ ਵਿੱਚ ਪੇਚਸ਼ ਦੀ ਦਸਤਕ ਦੀ ਪ੍ਰਕਾਸ਼ਿਤ ਖ਼ਬਰ ਤੋਂ ਹਰਕਤ ਵਿੱਚ ਆਈ ਸਿਹਤ ਵਿਭਾਗ ਦੇ ਇੰਟਰ ਡਜੀਜ਼ ਸਰਵੀਲੈਂਸ ਪ੍ਰੋਗਰਾਮ ਅਫ਼ਸਰ ਡਾ. ਮਨੀਕਾਸ਼ੀ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ ਅੱਜ ਸ਼ਹਿਰ ਦੇ ਪੇਚਸ਼ ਪ੍ਰਭਾਵਿਤ ਵਾਰਡ ਦਾ ਦੌਰਾ ਕੀਤਾ। ਸਿਹਤ ਵਿਭਾਗ ਦੀ ਡਾਕਟਰਾਂ ਦੀ ਟੀਮ ਵਿੱਚ ਸਥਾਨਕ ਹਸਪਤਾਲ ਦੀ ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਡਾ: ਇੰਦੂ, ਡੀਐੱਚਐੱਸ ਡਾ. ਸੁਸ਼ੀਲ ਸ਼ਰਮਾ, ਮੈਡੀਕਲ ਅਫ਼ਸਰ ਡਾ. ਮੋਨਿਕਾ ਜਦਕਿ ਪੈਰਾ ਮੈਡੀਕਲ ਸਟਾਫ਼ ਦੀ ਵੱਖਰੀ ਟੀਮ ਵਿੱਚ ਅਤੇ ਲੈਬ ਟੈਕਨੀਸ਼ੀਅਨ ਸੁਖਦੇਵ ਸਿੰਘ, ਸੁਲਤਾਨ ਮੁਹੰਮਦ, ਬਲਜੀਤ ਸਿੰਘ, ਮੁਨੀਸ਼ ਕੁਮਾਰ, ਸਰਬਜੀਤ ਸਿੰਘ ਆਦਿ ਸ਼ਾਮਲ ਸਨ। ਅੱਜ ਹਰਕਤ ਵਿੱਚ ਆਏ ਸਿਹਤ ਵਿਭਾਗ ਦੀਆਂ ਟੀਮਾਂ ਨੇ ਵਾਰਡ ਦੀਆਂ ਵੱਖ ਵੱਖ ਕਲੋਨੀਆਂ ਦੇ 207 ਘਰਾਂ ਦਾ ਦੌਰਾ ਕੀਤਾ ਅਤੇ ਪੇਚਸ਼ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਇਸੇ ਦੌਰਾਨ ਪੇਚਸ਼ ਦੇ 7 ਨਵੇਂ ਮਰੀਜ਼ ਅੱਜ ਸਾਹਮਣੇ ਆਏ ਹਨ। ਸਿਹਤ ਵਿਭਾਗ ਦੀਆਂ ਟੀਮਾਂ ਨੇ ਵਾਰਡ ਦੇ ਹਰ ਘਰ ਨੂੰ ਕਲੋਰੀਨ ਦੀਆਂ ਗੋਲੀਆਂ ਮੁਹੱਈਆ ਕਰਵਾਉਂਦਿਆਂ ਪੀਣ ਲਈ ਪਾਣੀ ਉਬਾਲ ਕੇ ਅਤੇ ਕਲੋਰੀਨ ਦੀਆਂ ਗੋਲੀਆਂ ਪਾ ਕੇ ਹੀ ਵਰਤਣ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਸੱਤ ਨਵੇਂ ਮਰੀਜ਼ਾਂ ਦੇ ਖ਼ੂਨ ਅਤੇ ਸਟੂਲ ਆਦਿ ਤੇ ਟੈਸਟ ਲਏ ਗਏ। ਟੀਮ ਵਲੋਂ ਅੱਜ 6 ਘਰਾਂ ਦੇ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਲਏ ਗਏ।
ਦੂਸ਼ਿਤ ਪਾਣੀ ਪੀਣ ਨਾਲ ਸਮੱਸਿਆ ਪੈਦਾ ਹੋਈ: ਨੋਡਲ ਅਫ਼ਸਰ
ਨੋਡਲ ਅਫ਼ਸਰ ਡਾ. ਹਰਮਨ ਨੇ ਦੱਸਿਆ ਕਿ ਪਹਿਲਾਂ ਤੋਂ ਪੇਚਸ਼ ਦੇ ਪੀੜਤ 21 ਮਰੀਜ਼ਾਂ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਜਦਕਿ ਨਵੇਂ ਪਾਏ ਗਏ ਮਰੀਜ਼ਾਂ ਦਾ ਇਲਾਜ ਤੇ ਸਿਹਤ ਸੰਭਾਲ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਦੂਸ਼ਿਤ ਪਾਣੀ ਪੀਣ ਨਾਲ ਹੀ ਇਹ ਸਮੱਸਿਆ ਪੈਦਾ ਹੋਈ ਹੈ।
ਸਮੱਸਿਆ ਦੀ ਜੜ੍ਹ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ: ਕੌਂਸਲ ਪ੍ਰਧਾਨ
ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਪੀਣ ਲਈ ਸ਼ੁੱਧ ਪਾਣੀ ਸਪਲਾਈ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਮਨੋਰਥ ਲਈ ਉਹ ਕੌਂਸਲ ਅਧਿਕਾਰੀਆਂ ਨੂੰ ਕਹਿਣਗੇ। ਕੌਂਸਲ ਦੇ ਕਾਰਜਸਾਧਕ ਅਫ਼ਸਰ ਵੀਕੇ ਜੈਨ ਨੇ ਕਿਹਾ ਕਿ ਲੋਕਾਂ ਵਲੋਂ ਲਏ ਪਾਣੀ ਦੇ ਕੁਨੈਕਸ਼ਨ ਵਾਲੀਆਂ ਬਹੁਤ ਸਾਰੀਆਂ ਪਾਈਪਾਂ ਨਾਲੀਆਂ ਵਿੱਚੋਂ ਲੰਘਦੀਆਂ ਹਨ ਜੋ ਕਿ ਸਮੱਸਿਆ ਦਾ ਕਾਰਨ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕੌਂਸਲ ਵਲੋਂ ਸਮੱਸਿਆ ਦੀ ਜੜ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਖਰੜ ਵਾਸੀ ਵੀ ਹੋਏ ਪੇਚਸ਼ ਦੇ ਸ਼ਿਕਾਰ
ਖਰੜ (ਸ਼ਸ਼ੀਪਾਲ ਜੈਨ): ਇਥੇ ਵਾਰਡ ਨੰਬਰ 26 ਦੇ ਪਿੰਡ ਨਵਾਂ ਸ਼ਹਿਰ ਬਡਾਲਾ ਵਿਖੇ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲਣ ਕਾਰਨ ਵੱਡੀ ਗਿਣਤੀ ਵਿਚ ਉਥੋਂ ਦੇ ਵਸਨੀਕਾਂ ਨੂੰ ਟੱਟੀਆਂ ਉਲਟੀਆਂ ਦਾ ਸ਼ਿਕਾਰ ਹੋਣਾ ਪਿਆ ਹੈ। ਇਸ ਸਬੰਧੀ ਪਿੰਡ ਦੇ ਵਸਨੀਕਾਂ ਅਮਨਦੀਪ ਸਿੰਘ, ਸੰਦੀਪ ਸਿੰਘ ਬੱਗਾ, ਸਿਮਰਨ ਸਿੰਘ, ਗਗਨਦੀਪ ਸਿੰਘ, ਹਰਮਨਦੀਪ ਸਿੰਘ, ਗੁਰਿੰਦਰ ਸਿੰਘ, ਜਰਨੈਲ ਕੌਰ ਆਦਿ ਨੇ ਦੱਸਿਆ ਕਿ ਪਿੰਡ ਵਿਚ ਖਰੜ ਨਗਰ ਕੌਂਸਲ ਦੇ ਠੇਕੇਦਾਰ ਵਲੋਂ ਗੰਦੇ ਪਾਣੀ ਦੀ ਨਿਕਾਸੀ ਲਈ ਵੱਡੀਆਂ ਪਾਈਪਾਂ ਪਾਈਆਂ ਜਾ ਰਹੀਆਂ ਸਨ ਜਦੋਂ ਜੇਸੀਬੀ ਇਨ੍ਹਾਂ ਪਾਇਪਾਂ ਨੂੰ ਪਾ ਰਹੀ ਸੀ ਤਾਂ ਉਸ ਨੇ ਜੰਕਸ਼ਨ ਵਾਲੀ ਥਾਂ ਜਿਥੇ ਦੋ ਟਿਊਬਵੈੱਲਾਂ ਦਾ ਪਾਣੀ ਮਿਲਦਾ ਹੈ ਉਥੇ ਹੇਠਲੀ ਪਾਈਪ ਤੋੜ ਦਿੱਤੀ ਜਿਸ ਨਾਲ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਮਿਲ ਕੇ ਲੋਕਾਂ ਦੇ ਘਰਾਂ ਵਿਚ ਚਲਾ ਗਿਆ। ਇਹ ਪਾਣੀ ਪੀਣ ਨਾਲ ਬਹੁਤ ਸਾਰੇ ਲੋਕ ਬਿਮਾਰ ਹੋ ਗਏ। ਇਸੇ ਦੌਰਾਨ ਬਲਾਕ ਕਾਂਗਰਸ ਦੇ ਪ੍ਰਧਾਨ ਗੁਰਿੰਦਰਜੀਤ ਸਿੰਘ ਜੀਤੀ ਜੋ ਪਿੰਡ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਨਗਰ ਕੌਸਲ ਦੇ ਠੇਕੇਦਾਰ ਦੀ ਅਣਗਹਿਲੀ ਕਾਰਨ ਅਤੇ ਕਿਸੇ ਅਧਿਕਾਰੀ ਦੇ ਉਥੇ ਮੌਜੂਦ ਨਾ ਹੋਣ ਕਾਰਨ ਇਹ ਸਭ ਵਾਪਰਿਆ ਹੈ ਅਤੇ ਬਹੁਤ ਵੱਡੀ ਗਿਣਤੀ ਵਿਚ ਲੋਕ ਬਿਮਾਰ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਸਬੰਧੀ ਉਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਜ਼ਿੰਮੇਵਾਰਾਂ ਵਿਰੁੱਧ ਕਾਰਵਾਈ ਹੋਵੇ। ਉਸ ਵਾਰਡ ਤੋਂ ਨਗਰ ਕੌਸਲ ਦੇ ਮੈਂਬਰ ਜਸਵੀਰ ਸਿਘ ਰਾਣਾ ਦਾ ਕਹਿਣਾ ਹੈ ਕਿ ਅਜਿਹਾ ਇਸ ਕਾਰਨ ਹੋਇਆ ਹੈ ਕਿ ਬੀਤੇ ਦਿਨੀ ਜੋ ਹਨ੍ਹੇਰੀ ਆਈ ਸੀ ਉਸ ਵਿਚ ਇੱਕ ਰੁੱਖ ਪਾਈਪ ਉਤੇ ਡਿੱਗ ਪਿਆ ਸੀ। ਇਸੇ ਦੌਰਾਨ ਘੜੂੰਆਂ ਦੀ ਐਸਐਮਓ ਡਾ. ਸੁਰਿੰਦਰ ਕੌਰ ਜਿਸ ਅਧੀਨ ਇਹ ਖੇਤਰ ਆਉਂਦਾ ਹੈ ਦਾ ਕਹਿਣਾ ਹੈ ਕਿ ਜਿਵੇਂ ਹੀ ਇਸ ਸਬੰਧੀ ਪਤਾ ਚੱਲਿਆ ਵਿਭਾਗ ਦੇ ਕਰਮਚਾਰੀਆਂ ਵਲੋਂ ਪਿੰਡ ਵਿਚ ਘਰ-ਘਰ ਜਾ ਕੇ ਸਰਵੇ ਸ਼ੁਰੂ ਕਰ ਦਿੱਤਾ ਗਿਆ। ਨਗਰ ਕੌਸਲ ਦੇ ਕਾਰਜਸਾਧਕ ਅਫਸਰ ਸੰਗੀਤ ਆਹਲੂਵਾਲੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਸਬੰਧਿਤ ਠੇਕੇਦਾਰ ਨੂੰ ਹਦਾਇਤ ਕੀਤੀ ਹੈ ਕਿ ਤੋੜੀਆਂ ਗਈਆਂ ਪਾਈਪਾਂ ਦੀ ਆਪਣੇ ਪੱਧਰ ’ਤੇ ਉਹ ਤੁਰੰਤ ਰਿਪੇਅਰ ਕਰਵਾਏ।