ਹਰਜੀਤ ਸਿੰਘ
ਡੇਰਾਬੱਸੀ, 13 ਮਈ
ਇਥੋਂ ਦੇ ਰਾਮਦਾਸੀਆ ਮੁਹੱਲੇ ਵਿੱਚ ਦੂਸ਼ਿਤ ਪਾਣੀ ਪੀਣ ਨਾਲ ਪੇਚਿਸ਼ ਫੈਲ ਗਿਆ ਹੈ। ਮੁਹੱਲੇ ਵਿੱਚ ਦਰਜਨਾਂ ਲੋਕ ਬਿਮਾਰ ਹਨ ਜਿਨ੍ਹਾਂ ਵਿੱਚ ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। ਬਿਮਾਰ ਵਿਅਕਤੀ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ। ਸਿਹਤ ਵਿਭਾਗ ਵੱਲੋਂ ਮੁਹੱਲੇ ਦਾ ਦੌਰਾ ਕਰ ਕੇ ਮਰੀਜ਼ਾਂ ਨੂੰ ਦਵਾਈ ਵੰਡੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਕੁਝ ਦਿਨਾਂ ਤੋਂ ਮੁਹੱਲਾ ਵਾਸੀਆਂ ਨੂੰ ਦਸਤ, ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਆ ਰਹੀ ਸੀ। ਇਸ ਦੌਰਾਨ ਮੁਹੱਲੇ ਦੇ ਕਈ ਲੋਕ ਬਿਮਾਰ ਹੋ ਗਏ ਅਤੇ ਸਹਿਮ ਦਾ ਮਾਹੌਲ ਬਣ ਗਿਆ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਸਿਹਤ ਵਿਭਾਗ ਨੇ ਮੁਹੱਲੇ ਵਿੱਚੋਂ ਪਾਣੀ ਦੇ ਸੈਂਪਲ ਲਏ ਜਿਨ੍ਹਾਂ ਦੀ ਰਿਪੋਰਟ ਫੇਲ੍ਹ ਆਈ। ਸਿਵਲ ਹਸਪਤਾਲ ਦੀ ਐੱਸਐੱਮਓ ਡਾ. ਸੰਗੀਤਾ ਜੈਨ ਨੇ ਦੱਸਿਆ ਕਿ ਪਾਣੀ ਵਿੱਚ ਕੁਝ ਰਲ ਰਿਹਾ ਹੈ। ਇਸ ਸਬੰਧੀ ਨਗਰ ਕੌਂਸਲ ਨੂੰ ਚਿੱਠੀ ਲਿਖ ਕੇ ਪਾਣੀ ਦੀ ਸਪਲਾਈ ਦੀ ਲੀਕੇਜ਼ ਬੰਦ ਕਰਵਾਉਣ, ਮੁਹੱਲੇ ਦੇ ਪਾਣੀ ਦੀ ਸਪਲਾਈ ਤੁਰੰਤ ਬੰਦ ਕਰ ਕੇ ਟੈਂਕਰਾਂ ਨਾਲ ਪਾਣੀ ਦੀ ਸਪਲਾਈ ਭੇਜਣ ਦੀ ਹਦਾਇਤ ਕੀਤੀ ਹੈ।
ਦੂਜੇ ਪਾਸੇ ਸਿਹਤ ਵਿਭਾਗ ਦੀ ਹਦਾਇਤ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਹਾਲੇ ਤੱਕ ਇਸ ਮੁਹੱਲੇ ਦੀ ਪਾਣੀ ਦੀ ਸਪਲਾਈ ਬੰਦ ਨਹੀਂ ਕੀਤੀ ਗਈ। ਉਥੇ ਹਾਲੇ ਵੀ ਟੈਂਕਰਾਂ ਨਾਲ ਪਾਣੀ ਦੀ ਸਪਲਾਈ ਨਹੀਂ ਕੀਤੀ ਗਈ ਜਿਸ ਕਾਰਨ ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ। ਇਸ ਕਾਰਨ ਮੁਹੱਲਾ ਵਾਸੀਆਂ ਵਿੱਚ ਕੌਂਸਲ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਪਾਣੀ ਦੀ ਲੀਕੇਜ ਬੰਦ ਕਰਵਾਈ ਜਾਵੇਗੀ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਰਣਜੀਤ ਰੈੱਡੀ ਨੇ ਕਿਹਾ ਕਿ ਪੇਚਿਸ਼ ਦਾ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਛੇਤੀ ਹੀ ਲੀਕੇਜ ਬੰਦ ਕਰਵਾਉਣ ਤੋਂ ਇਲਾਵਾ ਟੈਂਕਰਾਂ ਨਾਲ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਏਗੀ।