ਹਰਜੀਤ ਸਿੰਘ
ਜ਼ੀਰਕਪੁਰ, 12 ਸਤੰਬਰ
ਇਥੋਂ ਦੇ ਪੀਰਮੁਛੱਲਾ ਖੇਤਰ ਵਿੱਚ ਦੂਸ਼ਿਤ ਪਾਣੀ ਕਾਰਨ ਪੇਚਸ਼ ਫੈਲ ਗਿਆ ਹੈ ਜਿਸ ਕਾਰਨ ਸੈਂਕੜੇ ਲੋਕ ਬਿਮਾਰ ਹੋ ਗਏ ਹਨ। ਖੇਤਰ ਵਿੱਚ ਹੁਣ ਤੱਕ 138 ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਵੇਲੇ ਢਕੋਲੀ ਕਮਿਊਨਿਟੀ ਹੈਲਥ ਸੈਂਟਰ ਵਿੱਚ 15 ਮਰੀਜ਼ ਦਾਖ਼ਲ ਹਨ ਜਦੋਂਕਿ ਕੁਝ ਮਰੀਜ਼ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਅਤੇ ਕੁਝ ਲੋਕ ਖੇਤਰ ਦੇ ਨਿੱਜੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ। ਸਿਹਤ ਵਿਭਾਗ ਵੱਲੋਂ ਚੌਕਸੀ ਵਰਤਦਿਆਂ ਖੇਤਰ ਦੀ ਪਾਣੀ ਦੀ ਸਪਲਾਈ ਬੰਦ ਕਰਵਾ ਦਿੱਤੀ ਹੈ ਤੇ ਟੈਂਕਰ ਨਾਲ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਬ ਡਿਵੀਜ਼ਨ ਡੇਰਾਬੱਸੀ ਵਿੱਚ ਲੰਘੇ ਸਮੇਂ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਦੂਸ਼ਿਤ ਪਾਣੀ ਪੀਣ ਵਾਲੇ ਪਾਣੀ ਵਿੱਚ ਰਲਣ ਕਾਰਨ ਪੇਚਸ਼ ਫੈਲ ਚੁੱਕਿਆ ਹੈ। ਇਸ ਤੋਂ ਪਹਿਲਾਂ ਇਥੋਂ ਦੇ ਬਲਟਾਣਾ ਖੇਤਰ ਇਕ ਬੱਚੀ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰਾਂ ਡੇਰਾਬਸੀ ਦੇ ਪਿੰਡ ਤ੍ਰਿਵੇਦੀ ਕੈਂਪ ਸ਼ੱਕੀ ਹਾਲਤ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਹੁਣ ਪੀਰਮੁਛੱਲਾ ਖੇਤਰ ਵਿੱਚ ਲੰਘੇ ਕੁਝ ਦਿਨਾਂ ਤੋਂ ਲੋਕਾਂ ਨੂੰ ਪੇਟ ਦਰਦ, ਉਲਟੀਆਂ, ਦਸਤ ਤੇ ਬੁਖ਼ਾਰ ਦੀ ਸ਼ਿਕਾਇਤ ਆ ਰਹੀ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਇਥੇ ਦੂਸ਼ਿਤ ਪਾਣੀ ਪੀਣ ਵਾਲੇ ਪਾਣੀ ਵਿੱਚ ਰਲ ਰਿਹਾ ਹੈ ਜਿਸ ਕਾਰਨ ਲੋਕ ਬਿਮਾਰ ਹੋ ਰਹੇ ਹਨ।
ਇਸ ਸਬੰਧੀ ਗੱਲ ਕਰਨ ’ਤੇ ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਐੱਸ.ਐੱਮ.ਓ. ਪੌਮੀ ਚਤਰਥ ਨੇ ਦੱਸਿਆ ਕਿ ਹੁਣ ਤੱਕ 138 ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ 15 ਮਰੀਜ਼ ਇਸ ਹਸਪਤਾਲ ਵਿੱਚ ਹੀ ਦਾਖਲ ਹਨ। ਉਨ੍ਹਾਂ ਨੇ ਕਿਹਾ ਕਿ ਕਲ੍ਹ ਖੇਤਰ ਵਿੱਚ ਪਾਣੀ ਦੀ ਸੈਂਪਲ ਇਕੱਤਰ ਕੀਤੀ ਜਾਣਗੇ। ਫਿਲਹਾਲ ਖੇਤਰ ਵਿੱਚ ਪਾਣੀ ਦੀ ਸਪਲਾਈ ਬੰਦ ਕਰਵਾ ਦਿੱਤੀ ਹੈ ਤੇ ਨਗਰ ਕੌਂਸਲ ਨੂੰ ਟੈਂਕਰਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਨਗਰ ਕੌਂਸਲ ਵੱਲੋਂ ਕੀਤੀ ਜਾ ਰਹੀ ਪਾਣੀ ਦੀ ਨਾ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।
ਪੀਰਮੁਛੱਲਾ ਖੇਤਰ ਵਿੱਚ ਸਭ ਤੋਂ ਵਧ ਪੇਚਸ ਦੇ ਮਰੀਜ਼ ਪਿੰਡ ਕਿਸ਼ਨਪੁਰਾ ਖੇਤਰ ਵਿੱਚ ਲੱਕੜ ਦੇ ਆਰੇ ਕੋਲ ਵਸੇ ਪਰਵਾਸੀ ਲੋਕਾਂ ਵਿੱਚੋਂ ਆ ਰਹੇ ਹਨ। ਬਿਮਾਰ ਲੋਕਾਂ ਵਿੱਚ ਜ਼ਿਆਦਾਤਰ ਪਰਵਾਸੀ ਹਨ ਜਿਹੜੇ ਪੰਚਕੂਲਾ ਦੇ ਸੈਕਟਰ-6 ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।