ਮੁਕੇਸ਼ ਕੁਮਾਰ
ਚੰਡੀਗੜ੍ਹ, 4 ਅਕਤੂਬਰ
ਡੱਡੂਮਾਜਰਾ ਸਥਿਤ ਡੰਪਿੰਗ ਗਰਾਊਂਡ ਦਾ ਸੰਤਾਪ ਭੋਗ ਰਹੇ ਇਲਾਕਾ ਵਾਸੀਆਂ ਨੇ ਨਗਰ ਨਿਗਮ ਸਮੇਤ ਇਲਾਕਾ ਕੌਂਸਲਰ ਵੱਲੋਂ ਕਥਿਤ ਤੌਰ ’ਤੇ ਕੋਈ ਸੁਣਵਾਈ ਨਾ ਹੋਣ ’ਤੇ ਵਾਰਡ ਨੰਬਰ 26 ਵਿੱਚ ਅੱਜ ਤੋਂ ਮੁਹੱਲਾ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ। ਮੀਟਿੰਗ ਵਿੱਚ ਨਗਰ ਨਿਗਮ ਦੀਆਂ ਦਸੰਬਰ ’ਚ ਹੋਣ ਵਾਲੀਆਂ ਚੋਣਾਂ ਦੌਰਾਨ ਆਪਣੇ ਵਾਰਡ ਦੇ ਹੀ ਉਮੀਦਵਾਰ ਨੂੰ ਹੀ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਡੰਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਦੱਸਿਆ ਕਿ ਡੱਡੂਮਾਜਰਾ ਦੀ ਸਮੱਸਿਆ ਨੂੰ ਅੱਜ ਤੱਕ ਪ੍ਰਸ਼ਾਸਨ ਅਤੇ ਨਗਰ ਨਿਗਮ ਸਮੇਤ ਕਿਸੇ ਵੀ ਰਾਜਸੀ ਆਗੂ ਨੇ ਹੱਲ ਕਰਵਾਉਣ ਲਈ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਇਲਾਕੇ ਦੀ ਇਹ ਬਦਨਸੀਬੀ ਰਹੀ ਹੈ ਕਿ ਵਾਰਡ ਦਾ ਕੌਂਸਲਰ ਹਰ ਵਾਰ ਬਾਹਰੀ ਇਲਾਕੇ ਤੋਂ ਹੁੰਦਾ ਹੈ ਜਿਨ੍ਹਾਂ ਨੂੰ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਰਾਜਸੀ ਪਾਰਟੀ ਇਲਾਕੇ ਤੋਂ ਬਾਹਰ ਦੇ ਉਮੀਦਵਾਰ ਨੂੰ ਚੋਣਾਂ ਵਿੱਚ ਆਪਣਾ ਉਮੀਦਾਵਰ ਬਣਾਏਗੀ ਤਾਂ ਉਸ ਦਾ ਵਾਰਡ ਵਾਸੀਆਂ ਵੱਲੋਂ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਦੌਰਾਨ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਕਿਹਾ ਕਿ ਡੰਪਿੰਗ ਗਰਾਊਂਡ ਦੀ ਸਮੱਸਿਆ ਦੇ ਹੱਲ ਸਬੰਧੀ ਇਲਾਕਾ ਵਾਸੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।