ਮੁਕੇਸ਼ ਕੁਮਾਰ
ਚੰਡੀਗੜ੍ਹ, 22 ਫਰਵਰੀ
ਇੱਥੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਉਂਡ ਵਿੱਚ ਕੂੜੇ ਦੇ ਢੇਰ ਨੂੰ ਲੰਘੇ ਦਿਨ ਲੱਗੀ ਅੱਗ ਅੱਜ ਵੀ ਸੁਲਗਦੀ ਰਹੀ। ਨਗਰ ਨਿਗਮ ਦੇ ਅੱਗ ਬੁਝਾਊ ਮਹਿਕਮੇਂ ਦੀਆਂ ਗੱਡੀਆਂ ਅੱਜ ਵੀ ਸਾਰਾ ਦਿਨ ਇੱਥੇ ਕੂੜੇ ਨੂੰ ਲੱਗੀ ਅੱਗ ਨੂੰ ਬੁਝਾਉਣ ਵਿੱਚ ਲੱਗੀਆਂ ਗਈਆਂ। ਡੰਪਿੰਗ ਗਰਾਊਂਡ ਅਤੇ ਇਥੇ ਪਏ ਕੂੜੇ ਨੂੰ ਵਾਰ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਆਸ ਪਾਸ ਦੇ ਇਲਾਕਾ ਵਾਸੀ ਦੁਖੀ ਹਨ। ਅੱਗ ਲੱਗਣ ਨਾਲ ਉੱਠਣ ਵਾਲੇ ਧੂੰਏਂ ਕਾਰਨ ਸ਼ਹਿਰ ਦੇ ਵਾਤਾਵਰਨ ’ਤੇ ਵੀ ਮਾੜਾ ਅਸਰ ਪੈਂਦਾ ਹੈ।
ਡੰਪਿੰਗ ਗਰਾਊਂਡ ਦੀ ਸਮੱਸਿਆ ਨੂੰ ਲੈ ਕੇ ਅੱਜ ਡੱਡੂ ਮਾਜਰਾ ਵਾਸੀਆਂ ਨੇ ਸ਼ਾਮ ਨੂੰ ਹੰਗਾਮੀ ਮੀਟਿੰਗ ਸੱਦ ਕੇ ਇਸ ਬਾਰੇ ਚੰਡੀਗੜ੍ਹ ਪ੍ਰਸਾਸ਼ਨ ਨੂੰ ਮਿਲਣ ਦਾ ਫੈਸਲਾ ਕੀਤਾ। ਡੱਡੂ ਮਾਜਰਾ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਦਿਆਲ ਕ੍ਰਿਸ਼ਨ ਨੇ ਦੱਸਿਆ ਕਿ ਡੰਪਿੰਗ ਗਰਾਊਂਡ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਵੱਲੋਂ ਹੁਣ ਤੱਕ ਕਰੋੜਾਂ ਰੁਪਏ ਖਰਚ ਕੀਤੇ ਗਏ ਹਨ ਪਰ ਅੱਜ ਵੀ ਇਹ ਸਮੱਸਿਆ ਪਹਿਲਾਂ ਵਾਂਗ ਹੀ ਖੜੀ ਹੈ। ਉਨ੍ਹਾਂ ਦੱਸਿਆ ਕਿ ਅੱਜ ਹੋਈ ਮੀਟਿੰਗ ਦੌਰਾਨ ਉਨ੍ਹਾਂ ਦੀ ਕਮੇਟੀ ਦੇ ਮੈਂਬਰਾਂ ਨੇ ਫੈਸਲਾ ਕੀਤਾ ਕਿ ਇਸ ਬਾਰੇ ਉਹ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਪ੍ਰਸ਼ਾਸਕ ਨਾਲ ਮੁਲਾਕਾਤ ਕਰਕੇ ਇੱਥੇ ਹੋਏ ਖਰਚੇ ਦੀ ਜਾਂਚ ਕਰਵਾਉਣ ਦੀ ਮੰਗ ਕਰਨਗੇ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਅਫਸਰ ਬੇਲੋੜੇ ਖਰਚੇ ਕਰਕੇ ਨਿਗਮ ਦੇ ਖਜ਼ਾਨੇ ਨੂੰ ਠੱਲ੍ਹ ਪਾ ਰਹੇ ਹਨ ਅਤੇ ਇਸ ਬਾਰੇ ਕੇਵਲ ਕਾਗਜ਼ੀ ਦਾਅਵੇ ਕਰਕੇ ਸ਼ਹਿਰੀ ਦੇ ਜਨਤਾ ਅਤੇ ਇਲਾਕਾ ਵਾਸੀਆਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਸ਼ਾਮਲ ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਅੱਗ ਲੱਗਣ ਨਾਲ ਆਸ-ਪਾਸ ਦੇ ਇਲਾਕੇ ਸਮੇਤ ਚੰਡੀਗੜ੍ਹ ਸ਼ਹਿਰ ਦੇ ਵਾਤਾਵਰਨ ’ਤੇ ਵੀ ਮਾੜਾ ਅਸਰ ਪੈਂਦਾ ਹੈ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਨੇ ਨਗਰ ਨਿਗਮ ਸਮੇਤ ਇੱਥੋਂ ਦੀ ਸੰਸਦ ਮੈਂਬਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦੇ ਛੇਤੀ ਹੀ ਢੁਕਵਾਂ ਹੱਲ ਕੱਢਿਆ ਜਾਵੇ, ਨਹੀਂ ਤਾਂ ਇਲਾਕਾ ਵਾਸੀ ਇਸ ਬਾਰੇ ਸੜਕਾਂ ’ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਦੂਜੇ ਪਾਸੇ ਇੱਥੇ ਡੰਪਿੰਗ ਗਰਾਊਂਡ ਵਿੱਚ ਲੰਘੇ ਕੱਲ੍ਹ ਐਤਵਾਰ ਨੂੰ ਲੱਗੀ ਅੱਗ ਅੱਜ ਵੀ ਸੁਲਗਦੀ ਰਹੀ। ਨਗਰ ਨਿਗਮ ਦੇ ਅੱਗ ਬੁਝਾਊ ਮਹਿਕਮੇ ਦੀਆਂ ਗੱਡੀਆਂ ਅੱਗ ਵੀ ਸਾਰਾ ਦਿਨ ਇੱਥੇ ਅੱਗ ਬੁਝਾਉਣ ਦੇ ਯਤਨਾਂ ਵਿੱਚ ਜੁਤੀਆਂ ਰਹੀਆਂ। ਖਬਰ ਲਿਖੇ ਜਾਣ ਤੱਕ ਨਿਗਮ ਦੀਆਂ ਗੱਡੀਆਂ ਵਲੋਂ ਅੱਗ ਬੁਝਾਉਣ ਦੇ ਯਤਨ ਜਾਰੀ ਸਨ।