ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਦੇ ਕੌਂਸਲਰ ਨੇ ਇਥੋਂ ਦੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਨੂੰ ਲੈ ਕੇ ਛੇਤੀ ਹੀ ਕੋਈ ਠੋਸ ਹਲ ਕੱਢਣ ਲਈ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਪੱਤਰ ਲਿਖਿਆ ਹੈ। ਕਾਂਗਰਸੀ ਕੌਂਸਲਰ ਤੇ ਸਾਬਕਾ ਡਿਪਟੀ ਮੇਅਰ ਸਤੀਸ਼ ਕੈਂਥ ਨੇ ਪੱਤਰ ਵਿੱਚ ਭਾਜਪਾ ਵਲੋਂ ਡੱਡੂ ਮਾਜਰਾ ਡੰਪਿੰਗ ਗਰਾਊਂਡ ਨੂੰ ਲੈ ਕੇ ਇਲਾਕਾ ਵਾਸੀਆਂ ਨੂੰ ਗੁਮਰਾਹ ਕਰਨ ਦਾ ਦੋਸ਼ ਵੀ ਲਗਾਇਆ। ਪੱਤਰ ਵਿੱਚ ਸ੍ਰੀ ਕੈਂਥ ਨੇ ਕਿਹਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਵਲੋਂ ਚੰਡੀਗੜ੍ਹ ਨਗਰ ਨਗਰ ਨਿਗਮ ਨੂੰ ਇਸ ਡੰਪਿੰਗ ਗਰਾਊਂਡ ਦੇ ਹਲ ਬਾਰੇ ਕਈਂ ਵਾਰ ਕਿਹਾ ਜਾ ਚੁੱਕਿਆ ਹੈ ਪਰ ਹਰ ਵਾਰ ਭਾਜਪਾ ਦੇ ਸ਼ਾਸਨ ਵਾਲੀ ਨਗਰ ਨਿਗਮ ਵੱਲੋਂ ਐਨਜੀਟੀ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਥੇ ਇਸ ਡੰਪਿੰਗ ਗਰਾਊਂਡ ਵਿੱਚ ਪਏ ਹਜ਼ਾਰਾਂ ਟਨ ਕੁੂੜੇ ਦੇ ਢੇਰ ਕਾਰਨ ਇਲਾਕਾ ਵਾਸੀ ਪ੍ਰੇਸ਼ਾਨ ਸਨ, ਉਥੇ ਹੁਣ ਇਥੇ ਪਿਛਲੇ ਦੋ ਦਿਨਾਂ ਤੋਂ ਲੱਗੀ ਅੱਗ ਨੇ ਆਸ-ਪਾਸ ਦੇ ਲੋਕਾਂ ਦਾ ਜਿਉੂਣਾ ਮੁਸ਼ਕਲ ਕਰ ਰੱਖਿਆ ਹੈ। ਅੱਗ ਲੱਗਣ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲੇ ਧੂੰਏ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਲ ਹੋਇਆ ਰਿਹਾ। ਡੰਪਿੰਗ ਗਰਾਊਂਡ ਵਿੱਚ ਲੱਗੀ ਇਸ ਭਿਆਨਕ ਅੱਗ ਦੇ ਤਿੰਨ ਦਿਨਾਂ ਬਾਅਦ ਵੀ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੇ ਉਥੇ ਜਾ ਕੇ ਲੋਕਾਂ ਦਾ ਦਰਦ ਸਮਝਣ ਦੀ ਕੋਸ਼ਿਸ਼ ਤਕ ਨਹੀਂ ਕੀਤੀ ਜਦੋਂ ਕਿ ਸ਼ਹਿਰ ਦੀਆਂ ਵੱਖ ਵੱਖ ਰੈਜ਼ੀਡੈਂਸਟ ਵੈਲਫੇਅਰ ਐਸੋਸੀਏਸ਼ਨਾਂ ਦੇ ਅਹੁਦੇਦਾਰ ਉਥੋਂ ਦਾ ਦੌਰਾ ਕਰ ਚੁੱਕੇ ਹਨ। ਉਨ੍ਹਾਂ ਸਾਬਕਾ ਮੇਅਰ ਰਾਜੇਸ਼ ਕਾਲੀਆ ਸਮੇਤ ਸਥਾਨਕ ਸੰਸਦ ਮੈਂਬਰ ਕਿਰਨ ਖੇਰ ’ਤੇ ਵੀ ਡੱਡੂ ਮਾਜਰਾ ਵਾਸੀਆਂ ਨੂੰ ਇਸ ਡੰਪਿੰਗ ਗਰਾਊਂਡ ਦੀ ਸਮੱਸਿਆ ਤੋਂ ਛੁਟਕਾਰਾ ਦਿਲਵਾਉਣ ਲਈ ਗੁਮਰਾਹ ਕਰਨ ਦਾ ਦੋਸ਼ ਲਗਾਇਆ। ਪੱਤਰ ਵਿੱਚ ਸ੍ਰੀ ਕੈਂਥ ਨੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਨ੍ਹਾਂ ਵਲੋਂ ਸਬੰਧਤ ਅਥਾਰਿਟੀ ਨੂੰ ਡੰਪਿੰਗ ਗਰਾਊਂਡ ਦੇ ਸਥਾਈ ਹੱਲ ਕੱਢਣ ਦੇ ਤੁਰੰਤ ਆਦੇਸ਼ ਦਿੱਤੇ ਜਾਣ ਤਾਂ ਕਿ ਉਥੇ ਆਸ-ਪਾਸ ਦੇ ਵਾਸੀਆਂ ਨੂੰ ਡੰਪਿੰਗ ਗਰਾਊਂਡ ਕਾਰਨ ਨਰਕ ਭਰੀ ਜ਼ਿੰਦਗੀ ਜਿਉੂਣ ਤੋਂ ਛੁਟਕਾਰਾ ਮਿਲ ਸਕੇ।