ਪੱਤਰ ਪ੍ਰੇਰਕ
ਕੁਰਾਲੀ, 15 ਅਪਰੈਲ
ਖਿਜ਼ਰਾਬਾਦ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕੇਂਦਰੀ ਮਾਪਦੰਡਾਂ ਕਾਰਨ ਐੱਫਸੀਆਈ ਵੱਲੋਂ ਬਹੁਤ ਘੱਟ ਫਸਲ ਦੀ ਖਰੀਦ ਕੀਤੀ ਜਾ ਰਹੀ ਹੈ ਜਦਕਿ ਹੋਰਨਾਂ ਏਜੰਸੀਆਂ ਵੱਲੋਂ ਬਾਰਦਾਨੇ ਦੀ ਸਹੀ ਸਪਲਾਈ ਨਾ ਹੋਣ ਕਾਰਨ ਕਿਸਾਨਾਂ ਤੇ ਆੜ੍ਹਤੀਆਂ ਦੀ ਸਮੱਸਿਆ ਵਧੀ ਹੋਈ ਹੈ। ਖਿਜ਼ਰਾਬਾਦ ਦੀ ਅਨਾਜ ਮੰਡੀ ਵਿੱਚ ਕਣਕ ਦੀ ਫਸਲ ਖਰੀਦਣ ਲਈ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ ਕੇਂਦਰੀ ਏਜੰਸੀ ਐੱਫਸੀਆਈ ਦੀ ਨਿਯੁਕਤੀ ਕੀਤੀ ਗਈ ਹੈ। ਐੱਫਸੀਆਈ ਵੱਲੋਂ ਕੇਂਦਰੀ ਮਾਪਦੰਡਾਂ ਕਾਰਨ ਮਿੱਥੇ ਟੀਚੇ ਤੋਂ ਬਹੁਤ ਘੱਟ ਫਸਲ ਖਰੀਦੀ ਜਾ ਰਹੀ ਹੈ। ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਕਣਕ ਦੀ ਫਸਲ ਤਾਂ ਖਰੀਦੀ ਜਾ ਰਹੀ ਹੈ ਪਰ ਬਾਰਦਾਨੇ ਦੀ ਤੋਟ ਕਾਰਨ ਇਸ ਏਜੰਸੀ ਨੂੰ ਫ਼ਸਲ ਵੇਚਣ ਵਾਲੇ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਿਸਾਨਾਂ ਮਨੀਸ਼ ਕੁਮਾਰ ਮਾਜਰੀ, ਦਿਲਬਾਗ ਸਿੰਘ ਵਜੀਦਪੁਰ, ਨਿਰਮਲ ਸਿੰਘ ਬੂਥਗੜ੍ਹ, ਤਰਲੋਚਨ ਸਿੰਘ ਮੀਆਂਪੁਰ, ਮਲਕੀਤ ਸਿੰਘ ਅਭੀਪੁਰ, ਸਤਵਿੰਦਰ ਅਤੇ ਕੁਲਵਿੰਦਰ ਸਿੰਘ ਆਦਿ ਤੋਂ ਇਲਾਵਾ ਆੜ੍ਹਤੀਆਂ ਨੇ ਦੱਸਿਆ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਰੋਜ਼ਾਨਾ ਸਵੇਰੇ ਬਾਰਦਾਨਾ ਭੇਜਿਆ ਜਾਂਦਾ ਹੈ ਪਰ ਕਾਫੀ ਘੱਟ ਜੋ ਕਿ ਸ਼ਾਮ ਤੱਕ ਖ਼ਤਮ ਹੋ ਜਾਂਦਾ ਹੈ ਅਤੇ ਕਣਕ ਦੀ ਭਰਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਕਿਸਾਨ ਨਸੀਬ ਸਿੰਘ ਨੇ ਦੱਸਿਆ ਕਿ ਵੀਰਵਾਰ ਨੂੰ ਉਸ ਦੀ ਕਣਕ ਦੀ ਢੇਰੀ ਦਾ ਮੁੱਲ ਲੱਗ ਗਿਆ ਸੀ ਪਰ ਬਾਰਦਾਨਾ ਨਾ ਹੋਣ ਕਾਰਨ ਕਣਕ ਦੀ ਭਰਾਈ ਤੇ ਤੁਲਾਈ ਨਹੀਂ ਹੋ ਸਕੀ। ਇਸੇ ਦੌਰਾਨ ਸ਼ਾਮ ਵੇਲੇ ਮੌਸਮ ਖਰਾਬ ਹੋ ਗਿਆ ਅਤੇ ਬਾਰਿਸ਼ ਕਾਰਨ ਉਸ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ। ਉਸ ਨੇ ਕਿਹਾ ਕਿ ਘਰੋਂ ਸੁੱਕੀ ਲਿਆਂਦੀ ਕਣਕ ਦੀ ਫਸਲ ਮੰਡੀ ਵਿੱਚ ਬਾਰਦਾਨਾ ਨਾ ਹੋਣ ਕਾਰਨ ਮੀਂਹ ਦੀ ਭੇਟ ਚੜ੍ਹ ਗਈ। ਕਿਸਾਨਾਂ ਨੇ ਐੱਫਸੀਆਈ ਦੀ ਥਾਂ ਹੋਰ ਕਿਸੇ ਏਜੰਸੀ ਨੂੰ ਖਰੀਦ ਲਈ ਨਿਯੁਕਤ ਕਰਨ ਦੀ ਮੰਗ ਕੀਤੀ ਹੈ।
ਉੱਧਰ, ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜ਼ਰ ਕੇਵਲ ਕ੍ਰਿਸ਼ਨ ਨੇ ਬਾਰਦਾਨੇ ਦੀ ਤੋਟ ਤੋਂ ਨਾਂਹ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਖਰੀਦ ਦਾ ਜੋ ਟੀਚਾ ਦਿੱਤਾ ਗਿਆ ਸੀ ਉਹ ਪੂਰਾ ਹੋ ਚੁੱਕਾ ਹੈ। ਐੱਫਸੀਆਈ ਵੱਲੋਂ ਘੱਟ ਖਰੀਦ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਅੱਜ ਹੀ ਇਕ ਹਜ਼ਾਰ ਟਨ ਹੋਰ ਖਰੀਦਣ ਦਾ ਟੀਚਾ ਦਿੱਤਾ ਗਿਆ ਹੈ ਅਤੇ ਨਵੇਂ ਟੀਚੇ ਅਨੁਸਾਰ ਬਾਰਦਾਨਾ ਵੀ ਮੰਡੀ ਵਿੱਚ ਭੇਜ ਦਿੱਤਾ ਗਿਆ ਹੈ।