ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਅਗਸਤ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਤੇ ਮੁਲਾਜ਼ਮਾਂ ਦੀ ਤਨਖਾਹ ਰੁਕ ਗਈ ਹੈ। ਇਹ ਤਨਖਾਹ ਐੱਸਐੱਸਏ ਤਹਿਤ ਚੰਡੀਗੜ੍ਹ ਦਾ ਬਜਟ ਨਾ ਆਉਣ ਕਾਰਨ ਲਟਕੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰੀ ਵਿੱਤ ਮੰਤਰਾਲੇ ਦੀ ਮਨਜ਼ੂਰੀ ਨਾ ਮਿਲਣ ਕਾਰਨ ਚੰਡੀਗੜ੍ਹ ਦੇ ਸਕੂਲਾਂ ਲਈ ਪੈਸਾ ਹੀ ਨਹੀਂ ਆਇਆ। ਇਸ ਵੇਲੇ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਐੱਸਐੱਸਏ ਤਹਿਤ 1350 ਅਧਿਆਪਕ ਤੇ 150 ਸਟਾਫ ਕੰਮ ਕਰ ਰਿਹਾ ਹੈ। ਜੁਲਾਈ ਦੀ ਤਨਖਾਹ ਨਾ ਮਿਲਣ ਕਾਰਨ ਅਧਿਆਪਕ ਪ੍ਰੇਸ਼ਾਨ ਹਨ। ਸਭ ਤੋਂ ਵੱਧ ਪ੍ਰੇਸ਼ਾਨ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਪਤੀ-ਪਤਨੀ ਜੋੜਿਆਂ ਨੂੰ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਐੱਸਐੱਸਏ ਤਹਿਤ ਟੀਜੀਟੀ, ਜੇਬੀਟੀ, ਕਲੱਸਟਰ ਰਿਸੋਰਸਪਰਸਨ, ਯੂਆਰਸੀ, ਪੈਡਾਗੋਜੀ, ਰਿਸੋਰਸ ਟੀਚਰ, ਸਪੈਸ਼ਲ ਐਜੂਕੇਟਰ, ਐੱਸਟੀਸੀ ਆਦਿ ਆਉਂਦੇ ਹਨ। ਟੀਜੀਟੀ ਨੂੰ 53,321 ਰੁਪਏ ਪ੍ਰਤੀ ਮਹੀਨਾ ਜਦਕਿ ਜੇਬੀਟੀ ਨੂੰ 47,006 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਸਰਕਾਰੀ ਮਾਡਲ ਸਕੂਲ 34 ਵਿਚ ਪੜ੍ਹਾਉਂਦੇ ਇਕ ਅਧਿਆਪਕ ਨੇ ਦੱਸਿਆ ਕਿ ਉਸ ਦੀ ਪਤਨੀ ਵੀ ਸਰਕਾਰੀ ਸਕੂਲ ਵਿਚ ਕੰਮ ਕਰਦੀ ਹੈ ਪਰ ਤਿਉਹਾਰਾਂ ਦੇ ਦਿਨਾਂ ਵਿਚ ਤਨਖਾਹ ਨਾ ਮਿਲਣ ਕਾਰਨ ਘਰ ਦਾ ਬਜਟ ਹਿੱਲ ਗਿਆ ਹੈ।
ਤਿੰਨ ਮਹੀਨਿਆਂ ਦੀ ਇਕੱਠੀ ਤਨਖਾਹ ਮਿਲੀ ਸੀ ਜੁਲਾਈ ਵਿਚ
ਅਧਿਆਪਕ ਆਗੂ ਅਰਵਿੰਦ ਰਾਣਾ ਨੇ ਦੱਸਿਆ ਕਿ ਐੱਸਐੱਸਏ ਸਟਾਫ ਨੂੰ ਕੇਂਦਰ ਵਲੋਂ ਤਨਖਾਹ ਦਿੱਤੀ ਜਾਂਦੀ ਹੈ ਪਰ ਪਿਛਲੇ ਕਈ ਮਹੀਨਿਆਂ ਤੋਂ ਚੰਡੀਗੜ੍ਹ ਦਾ ਬਜਟ ਲੇਟ ਹੋ ਰਿਹਾ ਹੈ। ਇਸ ਸਾਲ ਅਪਰੈਲ, ਮਈ ਤੇ ਜੂਨ ਮਹੀਨੇ ਦੀ ਤਨਖਾਹ ਵੀ ਜੁਲਾਈ ਵਿਚ ਮਿਲੀ ਹੈ ਤੇ ਹੁਣ ਜੁਲਾਈ ਦੀ ਤਨਖਾਹ ਲੇਟ ਹੋ ਗਈ ਹੈ। ਇਕ ਹੋਰ ਅਧਿਆਪਕ ਨੇ ਦੱਸਿਆ ਕਿ ਐੱਸਐੱਸਏ ਅਧਿਆਪਕਾਂ ਦੀ ਤਨਖਾਹ ਹਰ ਮਹੀਨੇ ਦੀ ਪੰਜ ਤਰੀਕ ਤੋਂ ਪਹਿਲਾਂ ਮਿਲਣ ਦੇ ਹੁਕਮ ਹਨ ਪਰ ਹਰ ਵਾਰ ਤਨਖਾਹ ਲੇਟ ਹੁੰਦੀ ਹੈ।
ਸਕੂਲਾਂ ਦੀ ਆਰਜ਼ੀ ਕਾਮਨ ਲਿਸਟ ਜਾਰੀ
ਇਥੋਂ ਦੇ 42 ਸਰਕਾਰੀ ਸਕੂਲਾਂ ਵਿਚ ਗਿਆਰ੍ਹਵੀਂ ਜਮਾਤ ਵਿਚ ਦਾਖਲੇ ਲਈ ਵਿਦਿਆਰਥੀਆਂ ਦੀ ਆਰਜ਼ੀ ਕਾਮਨ ਲਿਸਟ ਅੱਜ ਜਾਰੀ ਹੋ ਗਈ। ਇਸ ਵਾਰ ਸੌ ਫੀਸਦੀ ਅੰਕ ਲੈਣ ਵਾਲੇ ਪੰਜ ਵਿਦਿਆਰਥੀਆਂ ਵਿਚੋਂ ਤਿੰਨ ਨੇ ਕਾਮਰਸ, ਇਕ ਨੇ ਆਰਟਸ ਤੇ ਇਕ ਨੇ ਵੋਕੇਸ਼ਨਲ ਵਿਚ ਅਪਲਾਈ ਕੀਤਾ ਹੈ। ਸ਼ਹਿਰ ਦੇ ਟੌਪਰਾਂ ਨੇ ਸਾਇੰਸ ਸਟਰੀਮ ਵਿਚ ਅਪਲਾਈ ਨਹੀਂ ਕੀਤਾ। ਸਾਇੰਸ ਸਟਰੀਮ ਵਿਚ 56 ਤੋਂ 99 ਫੀਸਦੀ ਅੰਕ ਲੈਣ ਵਾਲਿਆਂ ਨੇ ਅਪਲਾਈ ਕੀਤਾ ਜਦਕਿ ਕਾਮਰਸ ਵਿਚ 56 ਤੋਂ 100 ਫੀਸਦ ਅੰਕ ਲੈਣ ਵਾਲਿਆਂ ਨੇ, ਆਰਟਸ ਵਿਚ ਵੀ 56 ਤੋਂ 100 ਫੀਸਦੀ ਅੰਕ ਲੈਣ ਵਾਲਿਆਂ ਨੇ ਅਪਲਾਈ ਕੀਤਾ।