ਹਰਜੀਤ ਸਿੰਘ
ਜ਼ੀਰਕਪੁਰ, 31 ਅਕਤੂਬਰ
ਇੱਥੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਿਹਤ ਵਿਭਾਗ ਤੋਂ ਮਿਲੇ ਆਂਕੜੇ ਮੁਤਾਬਕ ਸ਼ਹਿਰ ਵਿੱਚ ਹੁਣ ਤੱਕ ਡੇਂਗੂ ਦੇ 33 ਮਰੀਜ਼ ਅਤੇ ਇਕ ਮਰੀਜ਼ ਚਿਕਨਗੁਣੀਆਂ ਦਾ ਵੀ ਸਾਹਮਣੇ ਆਇਆ ਹੈ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਹੁਣ ਤੱਕ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਇਸ ਵੇਲੇ ਸਭ ਤੋਂ ਵਧ ਮਰੀਜ਼ ਕ੍ਰਿਸਟਲ ਹੋਮ ਸੁਸਾਇਟੀ ਵਿੱਚ ਸਾਹਮਣੇ ਆਏ ਹਨ। ਇਸ ਵੇਲੇ ਇਸ ਸੁਸਾਇਟੀ ਵਿੱਚ ਅੱਧਾ ਦਰਜਨ ਮਰੀਜ਼ ਡੇਂਗੂ ਤੋਂ ਪੀੜਤ ਹੈ। ਸੁਸਾਇਟੀ ਦੇ ਵਾਸੀਆਂ ਨੇ ਦੱਸਿਆ ਕਿ ਸੁਸਾਇਟੀ ਦੇ ਪਿੱਛੇ ਵੀ ਉਸਾਰੀ ਦਾ ਕੰਮ ਚਲ ਰਿਹਾ ਹੈ ਜਿਥੇ ਥਾਂ-ਥਾਂ ਪਾਣੀ ਸਟੋਰ ਕੀਤਾ ਹੋਇਆ ਹੈ। ਇਸ ਸਬੰਧੀ ਕਈ ਵਾਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ। ਉਧਰ,ਢਕੋਲੀ ਕਮਿਊਨਿਟੀ ਹੈਲਥ ਸੈਂਟਰ ਦੀ ਮੈਡੀਕਲ ਅਫਸਰ ਡਾ. ਹਰਲੀਨ ਕੌਰ ਨੇ ਦੱਸਿਆ ਕਿ ਅੱਠ ਟੀਮਾਂ ਪੂਰੇ ਸ਼ਹਿਰ ਵਿੱਚ ਕੰਮ ਕਰ ਰਹੀਆਂ ਹਨ। ਜਿਸ ਥਾਂ ’ਤੇ ਲਾਰਵਾ ਪਾਇਆ ਜਾ ਰਿਹਾ ਹੈ ਉਸ ਨੂੰ ਤੁਰੰਤ ਨਸ਼ਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 50 ਤੋਂ 200 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਰਿਹਾ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਕੰਸਾਲਾ, ਕਰਤਾਰਪੁਰ, ਹੁਸ਼ਿਆਰਪੁਰ, ਤਕੀਪੁਰ, ਢਕੋਰਾਂ, ਭੜੌਂਜੀਆਂ, ਢੋਡੇਮਾਜਰਾ, ਰਸੂਲਪੁਰ, ਸਲਾਮਤਪੁਰ, ਪੜੌਲ, ਰਤਵਾੜਾ, ਰਾਣੀਮਾਜਰਾ ਸਮੇਤ ਮੁੱਲਾਂਪੁਰ ਗਰੀਬਦਾਸ ਖੇਤਰ ਮੱਛਰ ਨੇ ਪਿੰਡਾਂ ਵਿੱਚ ਪੈਰ ਪਸਾਰਨੇ ਸ਼ੁਰੂ ਕੀਤੇ ਹੋਏ ਹਨਨ। ਪਿੰਡਾਂ ਦੇ ਟੋਭਿਆਂ, ਛੱਪੜਾਂ ਵਿੱਚ ਮੱਛਰ ਫੈਲਿਆ ਪਿਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡਾਂ ਵਿੱਚ ਫੌਂਗਿੰਗ ਕਰਵਾਈ ਜਾਵੇ ਤੇ ਡਾਕਟਰਾਂ ਦੇ ਕੈਂਪ ਲਗਾਏ ਜਾਣ।
ਡੇਂਗੂ ਤੇ ਚਿਕਨਗੁਨੀਆ ਨਾਲ ਨਜਿੱਠਣ ਲਈ ਡੀਸੀ ਵੱਲੋਂ ਹਦਾਇਤਾਂ
ਐੱਸਏਐੱਸ ਨਗਰ (ਪੱਤਰ ਪ੍ਰੇਰਕ): ਡੀਸੀ ਅਮਿਤ ਤਲਵਾੜ ਨੇ ਅੱਜ ਸਿਹਤ ਵਿਭਾਗ, ਨਗਰ ਨਿਗਮ, ਸਮੂਹ ਨਗਰ ਕੌਂਸਲਾਂ ਅਤੇ ਪੇਂਡੂ ਖੇਤਰਾਂ ਨਾਲ ਸਬੰਧਤ ਬਲਾਕ ਪੰਚਾਇਤ ਅਫ਼ਸਰਾਂ ਨਾਲ ਮੀਟਿੰਗ ਕਰਕੇ ਮੁਹਾਲੀ ਜ਼ਿਲ੍ਹੇ ਵਿੱਚ ਲਗਾਤਾਰ ਵੱਧ ਰਹੇ ਡੇਂਗੂ ਅਤੇ ਚਿਕਨਗੁਨੀਆ ਦੇ ਕੇਸਾਂ ਬਾਰੇ ਚਰਚਾ ਕਰਦਿਆਂ ਇਸ ਦੀ ਰੋਕਥਾਮ ਲਈ ਠੋਸ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਸਿਹਤ ਵਿਭਾਗ ਕੋਲੋਂ ਜ਼ਿਲ੍ਹੇ ਅੰਦਰ ਡੇਂਗੂ ਦੇ ਵੱਧ ਰਹੇ ਕੇਸਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਡੀਸੀ ਅਮਿਤ ਤਲਵਾੜ ਨੇ ਡੇਂਗੂ ਅਤੇ ਚਿਕੁਨਗੁਨੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਪੇਂਡੂ ਵਿਕਾਸ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਫੋਗਿੰਗ ਅਤੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਸ਼ਹਿਰੀ ਖੇਤਰ ਵਿੱਚ ਜਿਨ੍ਹਾਂ ਥਾਵਾਂ ’ਤੇ ਡੇਂਗੂ ਦੇ ਵੱਧ ਕੇਸ ਸਾਹਮਣੇ ਆ ਰਹੇ ਹਨ, ਉਨ੍ਹਾਂ ਖੇਤਰਾਂ ਵਿੱਚ ਘਰ-ਘਰ ਜਾ ਕੇ ਸਰਵੇ ਅਤੇ ਜਾਂਚ ਕਰਨ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਅਤੇ ਰੋਕਥਾਮ ਲਈ ਜਾਗਰੂਕ ਕਰਨ ’ਤੇ ਜ਼ੋਰ ਦਿੱਤਾ।