ਟ੍ਰਬਿਿਉਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਸਤੰਬਰ
ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ 11 ਵਿਚ ਅੱਜ ਵਿਦਿਆਰਥੀਆਂ ਨੂੰ ਗੇਟ ’ਤੇ ਲੰਮਾ ਸਮਾਂ ਇੰਤਜ਼ਾਰ ਕਰਨਾ ਪਿਆ। ਇਸ ਕਾਰਨ ਵੱਡੀ ਗਿਣਤੀ ਵਿਦਿਆਰਥੀਆਂ ਦਾ ਪਹਿਲਾ ਲੈਕਚਰ ਮਿਸ ਹੋ ਗਿਆ। ਵਿਦਿਆਰਥੀਆਂ ਨੇ ਕਾਲਜ ਪ੍ਰਬੰਧਕਾਂ ਦੇ ਅਜਿਹੇ ਵਤੀਰੇ ਖ਼ਿਲਾਫ਼ ਰੋਸ ਜ਼ਾਹਰ ਕੀਤਾ ਹੈ। ਇਸ ਕਾਲਜ ਦੇ ਇਕ ਸੀਨੀਅਰ ਲੈਕਚਰਾਰ ਨੇ ਦੱਸਿਆ ਕਿ ਪੰਜਾਬ ਯੂਨੀਵਰਿਸਟੀ ਤੇ ਕਾਲਜਾਂ ਵਿਚ ਵਿਦਿਆਰਥੀ ਚੋਣਾਂ ਅਕਤੂਬਰ ਵਿਚ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਹੋਰ ਕਾਲਜਾਂ ਤੋਂ ਵੱਡੀ ਗਿਣਤੀ ਵਿਦਿਆਰਥੀ ਇਸ ਕਾਲਜ ਵਿਚ ਆ ਕੇ ਮਾਹੌਲ ਖਰਾਬ ਕਰਦੇ ਹਨ ਜਿਸ ਕਾਰਨ ਕਾਲਜ ਵਲੋਂ ਚੈਕਿੰਗ ਕਰਨ ਉਪਰੰਤ ਹੀ ਵਿਦਿਆਰਥੀਆਂ ਨੂੰ ਦਾਖਲ ਹੋਣ ਦਿੱਤਾ ਜਾਂਦਾ ਹੈ। ਕਾਲਜ ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਕਾਲਜ ਵਲੋਂ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ ਤੇ ਰੋਜ਼ਾਨਾ ਜਾਂਚ ਕਰਨ ਵਿਚ ਦੇਰੀ ਹੋ ਰਹੀ ਹੈ। ਇਸ ਕਾਰਨ ਵਿਦਿਆਰਥੀਆਂ ਪੀਰੀਅਡ ਵਿਚ ਸਮੇਂ ਸਿਰ ਨਹੀਂ ਪੁੱਜਦੇ ਤੇ ਅੱਗੇ ਲੈਕਚਰਾਰਾਂ ਵੱਲੋਂ ਦਸ ਮਿੰਟ ਵੀ ਲੇਟ ਹੋਣ ਤੋਂ ਬਾਅਦ ਦਾਖਲ ਨਹੀਂ ਹੋਣ ਦਿੱਤਾ ਜਾਂਦਾ।
ਸ਼ਨਾਖਤੀ ਕਾਰਡ ਦੋ ਦਿਨਾਂ ਵਿਚ ਬਣ ਜਾਣਗੇ: ਪ੍ਰਿੰਸੀਪਲ
ਕਾਲਜ ਪ੍ਰਿੰਸੀਪਲ ਡਾ. ਸੰਗਮ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬਾਹਰੋਂ ਆਏ ਵਿਦਿਆਰਥੀਆਂ ਨੇ ਕਾਲਜ ਵਿਚ ਮਾਹੌਲ ਖਰਾਬ ਕੀਤਾ ਸੀ ਤੇ ਕਈਆਂ ਨੇ ਨਾਅਰੇਬਾਜ਼ੀ ਵੀ ਕੀਤੀ ਸੀ ਜਿਸ ਕਰ ਕੇ ਉਨ੍ਹਾਂ ਹਦਾਇਤਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਆਈਕਾਰਡ ਦੋ ਦਿਨਾਂ ਵਿਚ ਬਣ ਕੇ ਤਿਆਰ ਹੋ ਜਾਣਗੇ ਜਿਸ ਤੋਂ ਬਾਅਦ ਸਮੱਸਿਆ ਨਹੀਂ ਆਵੇਗੀ।
ਵਿਦਿਆਰਥੀ ਧਿਰਾਂ ਵਿੱਚ ਹੱਥੋਪਾਈ
ਇਥੋਂ ਦੇ ਜੀਜੀਡੀ ਐਸਡੀ ਕਾਲਜ ਸੈਕਟਰ 32 ਵਿਚ ਅੱਜ ਦੋ ਵਿਦਿਆਰਥੀ ਧਿਰਾਂ ਦੀ ਹੱਥੋਪਾਈ ਹੋ ਗਈ। ਇਸ ਮਾਮਲੇ ਵਿਚ ਕਾਲਜ ਅਮਲੇ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ ਪਰ ਦੋਵੇਂ ਗਰੁੱਪਾਂ ਦੇ ਮੈਂਬਰ ਮੁੜ ਬਹਿਸਣ ਲੱਗੇ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਕਾਰਨ ਇਸ ਕਾਲਜ ਵਿਚ ਸੋਈ, ਐਸ ਡੀ ਕਾਲਜ ਤੇ ਹੋਸਟਲ ਯੂਨੀਅਨ ਧਿਰਾਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਨੇ ਭਾਵੇਂ ਵਿਦਿਆਰਥੀ ਚੋਣਾਂ ਦੀ ਤਰੀਕ ਨਹੀਂ ਐਲਾਨੀ। ਅੱਜ ਇਕ ਗਰੁੱਪ ਵਲੋਂ ਕਾਲਜ ਵਿਚ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਦੂਜੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਲਈ ਕੰਮ ਨਾ ਕਰਨ ਦੀ ਟਿੱਪਣੀ ਕਰ ਦਿੱਤੀ ਜਿਸ ਕਾਰਨ ਦੋਵੇਂ ਧਿਰਾਂ ਦੇ ਮੈਂਬਰ ਪਾਰਕਿੰਗ ਵਿਚ ਹੱਥੋਪਾਈ ਹੋ ਗਏ। ਇਹ ਝਗੜਾ ਖਾਸੀ ਦੇਰ ਚਲਦਾ ਰਿਹਾ। ਇਸ ਤੋਂ ਬਾਅਦ ਕਾਲਜ ਦੇ ਪ੍ਰਿੰਸੀਪਲ ਤੇ ਹੋਰ ਸਟਾਫ ਮੈਂਬਰਾਂ ਨੇ ਆ ਕੇ ਲੜ ਰਹੇ ਵਿਦਿਆਰਥੀਆਂ ਨੂੰ ਵੱਖ ਕਰਵਾਇਆ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਝਗੜਾ ਕਰਨ ਵਾਲੇ ਆਊਟਸਾਈਡਰ ਸਨ। ਉਨ੍ਹਾਂ ਦੋਸ਼ ਲਾਇਆ ਕਿ ਕਾਲਜ ਵਿਚ ਵਿਦਿਆਰਥੀਆਂ ਦੀ ਜਾਂਚ ਨਹੀਂ ਕੀਤੀ ਜਾ ਰਹੀ।