ਖੇਤਰੀ ਪ੍ਰਤੀਨਿਧ
ਐੱਸ.ਏ.ਐਸ. ਨਗਰ (ਮੁਹਾਲੀ), 2 ਨਵੰਬਰ
ਪੰਜਾਬ ਵਿੱਚ ਪਿਛਲੇ ਕਈਂ ਦਿਨਾਂ ਤੋਂ ਮਾਲ ਗੱਡੀਆਂ ਬੰਦ ਹੋਣ ਕਾਰਨ ਉਦਯੋਗਾਂ ਨੂੰ ਸਾਮਾਨ ਦੇ ਆਯਾਤ ਅਤੇ ਨਿਰਯਾਤ ਵਿੱਚ ਭਾਰੀ ਦਿੱਕਤਾਂ ਆ ਰਹੀਆਂ ਹਨ। ਪੰਜਾਬ ਲਾਰਜ ਇੰਡਸਟਰੀ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਬਿਆਨ ਰਾਹੀਂ ਮਾਲ ਗੱਡੀਆਂ ਨੂੰ ਬੰਦ ਕਰਨ ਦੇ ਕੇਂਦਰੀ ਫੈਸਲੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਵਰ੍ਹਦਿਆਂ ਆਖਿਆ ਕਿ ਪੰਜਾਬ ਵਿੱਚ ਅਤਿਵਾਦ ਦੇ ਨਾਜ਼ੁਕ ਦੌਰ ਵਿੱਚ ਵੀ ਕਦੇ ਰੇਲ ਸੇਵਾਵਾਂ ਬੰਦ ਨਹੀਂ ਹੋਈਆਂ ਸਨ। ਕੇਂਦਰ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਇਨੀਂ ਦਿਨੀਂ ਹੌਜਰੀ ਦਾ ਵੱਡੀ ਮਾਤਰਾ ਵਿੱਚ ਮਾਲ ਬਾਹਰ ਜਾਂਦਾ ਹੈ ਪਰ ਗੱਡੀਆਂ ਬੰਦ ਹੋਣ ਕਾਰਨ ਉਦਯੋਗਾਂ ਨੂੰ ਮਾਲ ਬਾਹਰ ਭੇਜਣ ਲਈ ਦਿੱਕਤ ਆ ਰਹੀ ਹੈ। ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼ ਸਾਗਰ ਨੇ ਆਖਿਆ ਕਿ ਰੇਲ ਗੱਡੀਆਂ ਦੀ ਆਮਦ ਬੰਦ ਹੋਣ ਕਾਰਨ ਸਨਅਤਕਾਰਾਂ ਦੇ ਆਰਡਰ ਰੱਦ ਹੋ ਰਹੇ ਹਨ ਤੇ ਉਨ੍ਹਾਂ ਨੂੰ ਜੁਰਮਾਨੇ ਵੀ ਭੁਗਤਣੇ ਪੈ ਰਹੇ ਹਨ। ਸਨਅਤਕਾਰ ਬਹਾਦਰ ਸਿੰਘ, ਜਸਵਿੰਦਰ ਸਿੰਘ ਸੈਣੀ, ਏਆਰ ਚੌਧਰੀ ਨੇ ਆਖਿਆ ਕਿ ਐਤਕੀਂ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਹੋਣਾ ਪਵੇਗਾ।