ਬਲਵਿੰਦਰ ਰੈਤ
ਨੂਰਪੁਰ ਬੇਦੀ, 23 ਸਤੰਬਰ
ਇਥੋਂ ਦੇ ਪਿੰਡ ਉੱਪਰਲਾ ਅਸਮਾਨਪੁਰ ਵਿੱਚ ਕਿਸਾਨਾਂ ਦੀ 5 ਤੋਂ 6 ਏਕੜ ਝੋਨੇ ਦੀ ਫਸਲ ਨੂੰ ਚੀਨੀ ਵਾਇਰਸ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ ਜਿਸ ਕਾਰਨ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ। ਕਿਸਾਨਾਂ ਨੇ ਬਰਬਾਦ ਹੋਈ ਝੋਨੇ ਦੀ ਫਸਲ ਨੂੰ ਆਪਣੇ ਹੱਥੀਂ ਹਲ ਚਲਾ ਕੇ ਖੇਤਾਂ ਵਿਚ ਵਾਹ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਪ੍ਰਕਾਸ਼ ਸਿੰਘ, ਕੁਲਦੀਪ ਸਿੰਘ, ਨਿਰਮਲ ਸਿੰਘ, ਕੁਲਬੀਰ ਸਿੰਘ ਨੇ ਦੱਸਿਆ ਕਿ ਫਸਲ ’ਤੇ ਪ੍ਰਤੀ ਏਕੜ ਤੀਹ ਤੋਂ ਚਾਲੀ ਹਜ਼ਾਰ ਰੁਪਿਆ ਖਰਚਾ ਆਇਆ ਹੈ ਪਰ ਬਿਮਾਰੀ ਕਾਰਨ ਫ਼ਸਲ ਬਰਬਾਦ ਹੋਣ ਕਰਕੇ ਉਨ੍ਹਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਖਰਾਬ ਹੋਈ ਫ਼ਸਲ ਦੀ ਗਿਰਦਾਵਰੀ ਸ਼ੁਰੂ
ਚਮਕੌਰ ਸਾਹਿਬ (ਸੰਜੀਵ ਬੱਬੀ): ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਸਕੱਤਰ ਗੁਰਿੰਦਰ ਸਿੰਘ ਭੰਗੂ ਅਤੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਭੰਗੂ ਨੇ ਦੱਸਿਆ ਕਿ ਬਲਾਕ ਅਧੀਨ ਪੈਂਦੇ ਪਿੰਡਾਂ ਵਿੱਚ ਝੋਨੇ ਦੀ ਬਿਮਾਰੀ ਕਾਰਨ ਖਰਾਬ ਹੋਈ ਫਸਲ ਦੀ ਗਿਰਦਾਵਰੀ ਦੇ ਹੁਕਮ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਦਿੱਤੇ ਜਾਣ ’ਤੇ ਮਾਲ ਮਹਿਕਮੇ ਵੱਲੋਂ ਪਿੰਡਾਂ ਵਿੱਚ ਖਰਾਬ ਫਸਲ ਦੀ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ।