ਆਤਿਸ਼ ਗੁਪਤਾ
ਚੰਡੀਗੜ੍ਹ, 31 ਜੁਲਾਈ
ਸ਼ਹਿਰ ਵਿੱਚ ਅੱਜ ਮੀਂਹ ਪੈਣ ਕਾਰਨ ਕਈ ਥਾਈਂ ਹੜ੍ਹ ਵਰਗੇ ਹਾਲਾਤ ਬਣ ਗਏ। ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਤੇ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਸਾਲ ਮੌਨਸੂਨ ਵਿੱਚ ਪਏ ਮੀਂਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਮੌਨਸੂਨ ਦੌਰਾਨ ਹੁਣ ਤੱਕ 525.7 ਐੱਮਐੱਮ ਮੀਂਹ ਪਿਆ ਹੈ ਜਿਸ ਵਿੱਚੋਂ ਐਤਵਾਰ ਨੂੰ ਸ਼ਹਿਰ ਵਿੱਚ 52.4 ਐੱਮਐੱਮ ਮੀਂਹ ਦਰਜ ਕੀਤਾ ਗਿਆ। ਤਾਪਮਾਨ ਘਟਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਗਲੇ ਦੋ ਜਾਂ ਤਿੰਨ ਦਿਨ ਹਲਕਾ ਮੀਂਹ ਪੈ ਸਕਦਾ ਹੈ।
ਮੀਂਹ ਨੇ ਯੂਟੀ ਪ੍ਰਸ਼ਾਸਨ ਦੇ ਦਾਅਵਿਆ ਦੀ ਪੋਲ ਖੋਲ੍ਹ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਮੌਨਸੂਨ ਦੀ ਆਮਦ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਕੁਝ ਘੰਟਿਆਂ ਦੇ ਮੀਂਹ ਨੇ ਸ਼ਹਿਰ ਨੂੰ ਪਾਣੀ-ਪਾਣੀ ਕਰ ਦਿੱਤਾ। ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਸਥਿਤ ਪਿੰਡਾਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਬਣੇ ਰਹੇ। ਇਸੇ ਦੌਰਾਨ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਫੈਦਾਂ ਨੂੰ ਜਾਣ ਵਾਲੇ ਪੁਲ ਦਾ ਇਕ ਹਿੱਸਾ ਬਰਸਾਤੀ ਪਾਣੀ ਵਾਲੇ ਨਾਲੇ ਵਿੱਚ ਧੱਸ ਗਿਆ ਜਿਸ ਕਰਕੇ ਰਾਹਗੀਰਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲ ਧਸਣ ਦੀ ਜਾਣਕਾਰੀ ਮਿਲਦੇ ਹੀ ਇਲਾਕਾ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਨਗਰ ਨਿਗਮ ਕਮਿਸ਼ਨਰ ਨਾਲ ਸੰਪਰਕ ਕਰਕੇ ਜਲਦ ਪੁਲ ਠੀਕ ਕਰਵਾਉਣ ਦੀ ਮੰਗ ਕੀਤੀ।
ਮੌਨਸੂਨ ਦੀ ਆਮਦ ਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਪਾਣੀ ਦੀ ਨਿਕਾਸੀ ਲਈ ਟੀਮਾਂ ਬਣਾਈਆਂ ਸਨ ਪਰ ਤੇਜ਼ ਮੀਂਹ ਅੱਗੇ ਉਹ ਵੀ ਕੁਝ ਨਾ ਕਰ ਸਕੀਆਂ। ਅੱਜ ਮਨੀਮਾਜਰਾ, ਦੜੂਆ, ਮੌਲੀ ਜੱਗਰਾਂ, ਮਲੋਆ, ਡੱਡੂਮਾਜਰਾ, ਬੁੜੈਲ, ਬਾਪੂ ਧਾਮ ਕਲੋਨੀ ਸਣੇ ਸ਼ਹਿਰ ਦੇ ਕਈ ਪੋਸ਼ ਇਲਾਕੇ ਵੀ ਪਾਣੀ ਦੀ ਲਪੇਟ ਵਿੱਚ ਆ ਗਏ। ਕਈ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ।
ਸੁਖਨਾ ਝੀਲ ਦਾ ਪੱਧਰ ਖਤਰੇ ਦੇ ਨਿਸ਼ਾਨ ਨੇੜੇ; ਫਲੱਡ ਗੇਟ ਖੋਲ੍ਹਿਆ
ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਅੱਜ ਖਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਜਿਸ ਕਰਕੇ 8 ਦਿਨਾਂ ਵਿੱਚ ਦੂਜੀ ਵਾਰ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹਿਆ ਗਿਆ। ਇਹ ਗੇਟ ਦੁਪਹਿਰੇ 3.15 ਵਜੇ ਖੋਲ੍ਹਿਆ ਗਿਆ। ਉਸ ਸਮੇਂ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ 1162.70 ਫੁੱਟ ਸੀ ਜਦੋਂ ਕਿ ਖਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਯੂਟੀ ਪ੍ਰਸ਼ਾਸਨ ਨੇ ਪਾਣੀ ਵੱਧਣ ਦੀ ਜਾਣਕਾਰੀ ਮਿਲਦੇ ਹੀ ਸੁਖਨਾ ਝੀਲ ਦਾ ਇਕ ਫਲੱਡ ਗੇਟ ਦੋ ਇੰਚ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ 22 ਜੁਲਾਈ ਦੀ ਰਾਤ ਨੂੰ ਪਾਣੀ ਵੱਧਣ ਕਰਕੇ ਇਕ ਫਲੱਡ ਗੇਟ 8 ਇੰਚ ਖੋਲ੍ਹਿਆ ਗਿਆ ਸੀ। ਉਸ ਨੂੰ 14 ਘੰਟੇ ਬਾਅਦ ਬੰਦ ਕੀਤਾ ਗਿਆ ਸੀ।
ਕੌਂਸਲਰ ਦੇ ਘਰ ਅੱਗੇ ਦਰਖੱਤ ਡਿੱਗਿਆ: ਸ਼ਹਿਰ ਵਿੱਚ ਦਰੱਖ਼ਤ ਡਿੱਗਣ ਦੀਆਂ ਘਟਨਾਵਾਂ ਬੰਦ ਹੋਣ ਦਾ ਨਾਂ ਨਹੀਂ ਲੈ ਰਹੀਆਂ। ਅੱਜ ਵੀ ਸ਼ਹਿਰ ਦੇ ਸੈਕਟਰ 22 ਵਿੱਚ ਰਹਿੰਦੇ ਵਾਰਡ ਨੰਬਰ 17 ਦੇ ‘ਆਪ’ ਕੌਂਸਲਰ ਦਮਨਪ੍ਰੀਤ ਦੇ ਘਰ ਮੂਹਰੇ ਦਰੱਖਤ ਡਿੱਗ ਪਿਆ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਮੂਹਰੇ ਖੜ੍ਹਿਆ ਵਾਹਨ ਨੁਕਸਾਨਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੌਂਸਲਰ ਦਮਨਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ। ਪਿੱਛੇ ਘਰ ਵਿੱਚ ਪਿਤਾ ਅਰਵਿੰਦਰ ਸਿੰਘ ਅਤੇ ਹੋਰ ਪਰਿਵਾਰ ਦੇ ਮੈਂਬਰ ਹਾਜ਼ਰ ਸਨ। ਅਰਵਿੰਦਰ ਸਿੰਘ ਦਰਖੱਤ ਡਿੱਗਣ ਤੋਂ ਇਕ ਮਿੰਟ ਪਹਿਲਾਂ ਹੀ ਬਾਜ਼ਾਰ ਗਏ ਸਨ ਤੇ ਇਸੇ ਦੌਰਾਨ ਦਰੱਖਤ ਡਿੱਗ ਪਿਆ। ਗੌਰਤਲਬ ਹੈ ਕਿ ਪਿਛਲੇ ਇਕ ਮਹੀਨੇ ਵਿੱਚ ਸਿਟੀ ਬਿਊਟੀਫੁੱਲ ਵਿੱਚ ਦਰੱਖਤ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਤੇ ਪ੍ਰਸ਼ਾਸਨ ਸੁੱਕੇ ਅਤੇ ਪੁਰਾਣੇ ਦਰੱਖਤਾਂ ਨੂੰ ਕੱਟਣ ਲਈ ਠੋਸ ਕਾਰਵਾਈ ਨਹੀਂ ਕਰ ਰਿਹਾ।
ਟ੍ਰਾਈਸਿਟੀ ਦਾ ਵਾਤਾਵਰਣ ਨਿਖਰਿਆ: ਮੀਂਹ ਪੈਣ ਕਰਕੇ ਟ੍ਰਾਈਸਿਟੀ ਦਾ ਵਾਤਾਵਰਣ ਨਿਖਰ ਗਿਆ ਹੈ। ਅੱਜ ਚੰਡੀਗੜ੍ਹ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) 38 ਦਰਜ ਕੀਤਾ ਗਿਆ ਜਦੋਂ ਕਿ ਮੁਹਾਲੀ ਵਿੱਚ ਏਕਿਊਆਈ 52 ਅਤੇ ਪੰਚਕੂਲਾ ਵਿੱਚ ਏਕਿਊਆਈ 46 ਦਰਜ ਕੀਤਾ ਗਿਆ। ਮੀਂਹ ਨੇ ਲੋਕਾਂ ਦੀਆਂ ਦਿੱਕਤਾਂ ਜ਼ਰੂਰ ਵਧਾਈਆਂ ਹਨ ਪਰ ਇਹ ਮੀਂਹ ਫਸਲਾਂ ਲਈ ਲਾਹੇਵੰਦ ਹੈ।