ਪੱਤਰ ਪ੍ਰੇਰਕ
ਚੰਡੀਗੜ੍ਹ, 23 ਅਪਰੈਲ
ਸੀ.ਐੱਮ.ਸੀ. ਹਾਰਟੀਕਲਚਰ ਐਂਪਲਾਈਜ਼ ਯੂਨੀਅਨ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਲਈ ਕੋਆਰਡੀਨੇਸ਼ਨ ਕਮੇਟੀ ਆਫ ਗੌਰਮਿੰਟ ਐਂਡ ਐਮ.ਸੀ. ਐਂਪਲਾਈਜ਼ ਵਰਕਰਜ਼ ਯੂ.ਟੀ. ਚੰਡੀਗੜ੍ਹ ਦੀ ਅਗਵਾਈ ਹੇਠ ਅੱਜ ਸੈਕਟਰ 17 ਸਥਿਤ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਸਾਹਮਣੇ ਯੂਨੀਅਨ ਦੇ ਲਾਲ ਰੰਗ ਵਾਲੇ ਝੰਡੇ ਫੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਕਰਮਚਾਰੀਆਂ ਵੱਲੋਂ ਨਿਗਮ ਅਧਿਕਾਰੀਆਂ ਅਤੇ ਯੂ.ਟੀ. ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਯੂਨੀਅਨ ਵੱਲੋਂ ਨਗਰ ਨਿਗਮ ਦੇ ਹਾਰਟੀਕਲਚਰ ਵਿੰਗ ਦੇ ਸੁਪਰਿੰਟੈਂਡਿੰਗ ਇੰਜਨੀਅਰ ਨੂੰ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਪੱਤਰ ਵੀ ਸੌਂਪਿਆ ਗਿਆ।
ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਦਲਜੀਤ ਸਿੰਘ ਅਤੇ ਹਾਰਟੀਕਲਚਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਬਾਗਬਾਨੀ ਕਰਮਚਾਰੀਆਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਵੱਲ ਨਿਗਮ ਅਧਿਕਾਰੀ ਕੋਈ ਗੌਰ ਨਹੀਂ ਕਰ ਰਹੇ ਹਨ ਜਿਸ ਕਾਰਨ ਕਰਮਚਾਰੀ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜ਼ਰ ਰਹੇ ਹਨ। ਆਗੂਆਂ ਮੰਗ ਕੀਤੀ ਕਿ ਆਊਟਸੋਰਸਿੰਗ ਕਰਮਚਾਰੀਆਂ ਨੂੰ ਪਹਿਲੀ ਅਪਰੈਲ 2021 ਨੂੰ ਵਧੇ ਹੋਏ ਡੀ.ਸੀ. ਰੇਟਾਂ ਮੁਤਾਬਕ ਤਨਖਾਹਾਂ ਦਿੱਤੀਆਂ ਜਾਣ, ਕਰਮਚਾਰੀਆਂ ਨੂੰ ਜੀ.ਪੀ.ਐੱਫ. ਦੀ ਬੈਲੈਂਸ ਸ਼ੀਟ ਮੁਹੱਈਆ ਕਰਵਾਈ ਜਾਵੇ, ਡੇਲੀਵੇਜ਼ ਵਰਕਰਾਂ ਨੂੰ ਖਾਲੀ ਅਸਾਮੀਆਂ ਉੱਤੇ ਜਲਦ ਪੱਕਾ ਕੀਤਾ ਜਾਵੇ, ਆਊਟਸੋਰਸਿੰਗ ਕਰਮਚਾਰੀਆਂ ਨੂੰ ਤਿੰਨ ਨੈਸ਼ਨਲ ਅਤੇ 15 ਕੈਜ਼ੂਅਲ ਛੁੱਟੀਆਂ ਦਿੱਤੀਆਂ ਜਾਣ, ਸਾਰੀਆਂ ਕੈਟੇਗਿਰੀਆਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਭਰਿਆ ਜਾਵੇ, ਕਰਮਚਾਰੀਆਂ ਨੂੰ ਦਿੱਤੀਆਂ ਸਮਾਰਟ ਘੜੀਆਂ ਵਾਪਸ ਲਈਆਂ ਜਾਣ, ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਪੈਨਸ਼ਨਰੀ ਲਾਭ ਦਿੱਤੇ ਜਾਣ, ਕਰਮਚਾਰੀਆਂ ਨੂੰ ਤੇਲ ਸਾਬਣ ਹਰ ਮਹੀਨੇ ਦਿੱਤਾ ਜਾਵੇ ਅਤੇ ਆਊਟਸੋਰਸਿੰਗ ਕਰਮਚਾਰੀਆਂ ਨੂੰ ਮਸ਼ੀਨਰੀ ਦਾ ਚਾਰਜ ਉਨ੍ਹਾਂ ਦੀ ਸੀਨੀਆਰਤਾ ਮੁਤਾਬਕ ਦਿੱਤਾ ਜਾਵੇ।
ਪੈੱਕ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਹਰੀਮੋਹਨ, ਇਲੈਕਟ੍ਰੀਕਲ ਵਰਕਮੈਨ ਯੂਨੀਅਨ ਪ੍ਰਧਾਨ ਕਿਸ਼ੋਰੀ ਲਾਲ, ਚਰਨਜੀਤ ਸਿੰਘ, ਰਘੁਬੀਰ ਸਿੰਘ, ਸੀਵਰੇਜ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਨਰੇਸ਼ ਕੁਮਾਰ, ਬਲਬੀਰ ਸਿੰਘ ਅਤੇ ਸ਼ਤਰੂਘਨ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਵੱਲ ਛੇਤੀ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।