ਰਾਮ ਸ਼ਰਨ ਸੂਦ
ਅਮਲੋਹ, 12 ਅਕਤੂਬਰ
ਇੱਥੇ ਬੀਤੇ ਦਿਨ ਪਏ ਬੇਮੌਸਮੇ ਮੀਂਹ ਨਾਲ ਜਿੱਥੇ ਇੱਕ ਪਾਸੇ ਕਿਸਾਨਾਂ ਦੀ ਖੜ੍ਹੀ ਝੋਨੇ ਦੀ ਫ਼ਸਲ ਦੀ ਕਟਾਈ ’ਤੇ ਮਾੜਾ ਪ੍ਰਭਾਵ ਪਿਆ ਹੈ ਉੱਥੇ ਹੀ ਅਨਾਜ ਮੰਡੀ ਅਮਲੋਹ ਵਿੱਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਮੰਡੀ ਵਿੱਚ ਵਿਕਣ ਲਈ ਪਈ ਝੋਨੇ ਦੀ ਫ਼ਸਲ ਦਾ ਵੀ ਨੁਕਸਾਨ ਹੋਇਆ ਹੈ ਅਤੇ ਖਰੀਦ ਵੀ ਪ੍ਰਭਾਵਿਤ ਹੋਈ ਹੈ। ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਭਾਵੇਂ ਕਿ ਅਮਲੋਹ ਮੰਡੀ ਦਾ ਦੌਰਾ ਕਰ ਕੇ ਖਰੀਦ ਏਜੰਸੀਆਂ ਨੂੰ ਖਰੀਦੇ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ ਪ੍ਰੰਤੂ ਪਾਣੀ ਦੀ ਨਿਕਾਸੀ ਜਾਂ ਗਿੱਲੀ ਹੋਈ ਫ਼ਸਲ ਸਬੰਧੀ ਰਾਹਤ ਦੇਣ ਲਈ ਕੋਈ ਗੱਲ ਨਹੀਂ ਕੀਤੀ ਗਈ। ਬਾਰਿਸ਼ ਕਾਰਨ ਮੰਡੀ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਦੋਹਾਂ ਆਗੂਆਂ ਨੇ ਇਸ ਖੜ੍ਹੇ ਪਾਣੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਸ਼ੈਲਰ ਮਾਲਕਾਂ, ਆੜ੍ਹਤੀ ਅਤੇ ਕਿਸਾਨਾਂ ਦੇ ਦੁੱਖੜੇ ਵੀ ਸੁਣੇ।
ਕਿਸਾਨ ਆਗੂ ਸ਼ਰਧਾ ਸਿੰਘ ਛੰਨਾ ਨੇ ਦੱਸਿਆ ਕਿ ਖਰੀਦ ਏਜੰਸੀਆਂ ਝੋਨੇ ਦੇ ਗਿੱਲਾ ਹੋਣ ਕਾਰਨ ਹੁਣ ਖਰੀਦ ਵਿੱਚ ਆਨਾ-ਕਾਨੀ ਕਰ ਰਹੀਆਂ ਹਨ ਜਦੋਂਕਿ ਇਸ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ। ਆੜ੍ਹਤੀਆਂ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਾਰਿਸ਼ ਦਾ ਪਾਣੀ ਝੋਨੇ ਦੀਆਂ ਭਰੀਆਂ ਬੋਰੀਆਂ ਹੇਠ ਚਲਾ ਗਿਆ ਹੈ ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਉਨ੍ਹਾਂ ਚੁਕਾਈ ਦੇ ਕੰਮ ਵਿੱਚ ਵੀ ਤੇਜ਼ੀ ਲਿਆਉਣ ਦੀ ਮੰਗ ਕੀਤੀ। ਅਮਲੋਹ ਹਲਕੇ ਦੇ ਅਕਾਲੀ ਦਲ ਦੇ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਛੇ ਮਹੀਨੇ ਤੋਂ ਵੱਧ ਸਮਾਂ ਸਰਕਾਰ ਬਣੀ ਨੂੰ ਹੋਣ ਦੇ ਬਾਵਜੂਦ ਮੰਡੀਆਂ ਵਿੱਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਕਾਰਨ ਸ਼ਹਿਰ ਵਿੱਚ ਵੀ ਪਾਣੀ ਦੀ ਨਿਕਾਸੀ ਦਾ ਮਾੜਾ ਹਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ ਗੱਲਾਂ ਰਾਹੀਂ ਲੋਕਾਂ ਨੂੰ ਭਰਮਾਉਣ ਵਿੱਚ ਲੱਗੀ ਹੋਈ ਹੈ ਜਦੋਂਕਿ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮਸਰੂਫ਼ ਹਨ। ਉਨ੍ਹਾਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।
ਕੀ ਕਹਿੰਦੇ ਨੇ ਅਧਿਕਾਰੀ
ਮਾਰਕੀਟ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਤੇ ਆਕਸ਼ਨ ਰਿਕਾਰਡਰ ਪਰਮਵੀਰ ਸਿੰਘ ਨੇ ਕਿਹਾ ਕਿ ਬਾਰਿਸ਼ ਦਾ ਪਾਣੀ ਕਢਵਾ ਦਿੱਤਾ ਗਿਆ ਹੈ ਅਤੇ ਗਿੱਲੇ ਹੋਏ ਝੋਨੇ ਨੂੰ ਹਵਾ ਲਗਵਾਈ ਜਾ ਰਹੀ ਹੈ। ਸਮੱਸਿਆ ਦੇ ਸਥਾਈ ਹੱਲ ਸਬੰਧੀ ਉਨ੍ਹਾਂ ਕੁਝ ਨਹੀਂ ਕਿਹਾ।