ਚਮਕੌਰ ਸਾਹਿਬ, 19 ਅਪਰੈਲ
ਇਥੋਂ ਦੀ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਪੰਜ ਅਨਾਜ ਮੰਡੀਆਂ ਵਿੱਚ ਕਣਕ ਦੀ ਭਰਾਈ ਲਈ ਬਾਰਦਾਨੇ ਦੀ ਕਮੀ ਆਉਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਨਹਿਰ ਸਰਹਿੰਦ ’ਤੇ ਦੋ ਘੰਟੇ ਆਵਾਜਾਈ ਬੰਦ ਰੱਖ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਆੜ੍ਹਤੀ ਉੱਜਲ ਸਿੰਘ, ਮਨਜੀਤ ਸਿੰਘ ਕੰਗ, ਤਰਲੋਚਨ ਸਿੰਘ ਭੰਗੂ, ਨਾਇਬ ਸਿੰਘ, ਕਿਸਾਨ ਗੁਰਿੰਦਰ ਸਿੰਘ ਭੰਗੂ, ਅਮਨਦੀਪ ਸਿੰਘ ਮਾਂਗਟ ਅਤੇ ਲਖਵੀਰ ਸਿੰਘ ਲੱਖੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨਾਲ ਧੱਕਾਸ਼ਾਹੀ ਕਰ ਰਹੀ ਹੈ, ਕਿਉਂਕਿ ਮੰਡੀਆਂ ਵਿੱਚ ਕਣਕ ਦੀ ਭਰਾਈ ਲਈ ਬਾਰਦਾਨਾ ਜਾਣਬੁੱਝ ਕੇ ਨਾ ਭੇਜਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਕਿ ਉਹ ਪਿਛਲੇ ਕਈ ਦਿਨਾਂ ਤੋਂ ਅਧਿਕਾਰੀਆਂ ਨੂੰ ਸੂਚਿਤ ਕਰ ਰਹੇ ਹਨ ਪਰ ਸਬੰਧਤ ਅਧਿਕਾਰੀ ਬਾਰਦਾਨਾ ਭੇਜਣ ਦੀ ਬਜਾਏ ਲਾਰਾਲੱਪਾ ਹੀ ਲਗਾ ਰਹੇ ਹਨ।