ਪੱਤਰ ਪ੍ਰੇਰਕ
ਲਾਲੜੂ, 5 ਨਵੰਬਰ
ਡੇਰਾਬੱਸੀ ਦੇ ਡੀਐੱਸਪੀ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਟੌਲ ਪਲਾਜ਼ਾ ਦੱਪਰ ਵਿੱਚ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾਈ ਕਾਰਜਕਾਰੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਬੀਕੇਯੂ (ਰਾਜੇਵਾਲ) ਦੇ ਬਲਾਕ ਪ੍ਰਧਾਨ ਕਰਮ ਸਿੰਘ ਕਾਰਕੌਰ ਨੇ ਕਿਹਾ ਕਿ ਖੁਦ ਨੂੰ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਸਿਆਸੀ ਪਾਰਟੀਆਂ ਦਾ ਕੋਈ ਵੀ ਆਗੂ ਉਨ੍ਹਾਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਦੇਣ ਨਹੀਂ ਪੁੱਜਾ। ਜਦਕਿ ਡੀਐੱਸਪੀ ਗੁਰਬਖਸ਼ੀਸ਼ ਸਿੰਘ ਮਾਨ ਅਤੇ ਚੌਕੀ ਇੰਚਾਰਜ ਲੈਹਲੀ ਹਰਕੇਸ਼ ਸਿੰਘ ਦੱਪਰ ਵਿੱਚ ਕਿਸਾਨਾਂ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਨੇ ਮਠਿਆਈਆਂ ਵੀ ਵੰਡੀਆਂ। ਕਿਸਾਨਾਂ ਨੇ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਟੌਲ ਪਲਾਜ਼ਾ ’ਤੇ ਦੀਵੇ ਬਾਲੇ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ਭਜਨ ਸਿੰਘ, ਬਲਜਿੰਦਰ ਸਿੰਘ ਸਰਪੰਚ ਚਡਿਆਲਾ, ਗੁਰਵਿੰਦਰ ਸਿੰਘ ਬਸੌਲੀ, ਕਰਮ ਸਿੰਘ ਕਾਰਕੌਰ, ਅਵਤਾਰ ਸਿੰਘ ਜਵਾਹਰਪੁਰ, ਬਖਸੀਸ ਸਿੰਘ ਭੱਟੀ, ਕੁਲਦੀਪ ਸਿੰਘ ਸਰਸੀਣੀ, ਹਰੀ ਰਾਮ, ਗੁਰਚਰਨ ਸਿੰਘ ਸਮੇਤ ਅਨੇਕਾ ਆਗੂ ਮੌਜੂਦ ਸਨ।
ਮਗਨਰੇਗਾ ਵਰਕਰਾਂ ਨੂੰ ਦੀਵਾਲੀ ਵੰਡੀ
ਮੰਡੀ ਗੋਬਿੰਦਗੜ੍ਹ (ਨਿੱਜੀ ਪੱਤਰ ਪ੍ਰੇਰਕ): ਸਵ: ਗੁਰਦਰਸ਼ਨ ਸਿੰਘ ਫਾਊਡੇਸ਼ਨ ਨਾਭਾ ਵੱਲੋਂ ਗ੍ਰਾਮ ਪੰਚਾਇਤ ਸਲਾਣਾ ਜੀਵਨ ਸਿੰਘ ਵਾਲਾ ਵਿੱਚ ਬਲਾਕ ਕਾਂਗਰਸ ਅਮਲੋਹ ਦੇ ਪ੍ਰਧਾਨ ਜਗਵੀਰ ਸਿੰਘ ਸਰਪੰਚ ਸਲਾਣਾ ਦੀ ਅਗਵਾਈ ਹੇਠ ਮਗਨਰੇਗਾ ਵਰਕਰਾਂ ਨੂੰ ਦੀਵਾਲੀ ਨੂੰ ਮੁੱਖ ਰੱਖ ਕੇ ਬਰਤਨ ਅਤੇ ਮਠਿਆਈ ਵੰਡੀ ਗਈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਰਣਦੀਪ ਸਿੰਘ ਦੀ ਅਗਵਾਈ ਹੇਠ ਹਲਕੇ ਵਿਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ ਅਤੇ ਪਿੰਡਾਂ ਨੂੰ ਵੱਡੇ ਪੱਧਰ ’ਤੇ ਗਰਾਂਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਪੰਚ ਹਰਪ੍ਰੀਤ ਸਿੰਘ, ਬਹਾਦਰ ਸਿੰਘ, ਨਿਰਮਲਜੀਤ ਸਿੰਘ, ਪਰਮਜੀਤ ਕੌਰ, ਜਸਵੰਤ ਸਿੰਘ, ਮਹਿੰਦਰ ਸਿੰਘ, ਜੰਗ ਸਿੰਘ, ਸਿਕੰਦਰ ਸਿੰਘ, ਸੰਤੋਖ ਸਿੰਘ ਆਦਿ ਹਾਜ਼ਰ ਸਨ।