ਹਰਜੀਤ ਸਿੰਘ
ਡੇਰਾਬੱਸੀ, 7 ਅਕਤੂਬਰ
ਇੱਥੋਂ ਦੀ ਬਰਵਾਲਾ ਰੋਡ ’ਤੇ ਪੈਂਦੇ ਵਾਰਡ ਨੰਬਰ ਛੇ ਦੇ ਵਸਨੀਕ ਲੰਘੇ ਕਈਂ ਦਿਨਾਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਵਾਰਡ ਵਾਸੀਆਂ ਨੇ ਸਮੱਸਿਆ ਦਾ ਹੱਲ ਨਾ ਹੁੰਦਾ ਦੇਖ ਅੱਜ ਖਾਲੀ ਭਾਂਡੇ ਲੈ ਕੇ ਮੁਜ਼ਾਹਰਾ ਕੀਤਾ।
ਇਸ ਸਬੰਧੀ ਵਾਰਡ ਵਾਸੀ ਸੁਖਦੀਪ ਕੌਰ, ਜਸਪਾਲ ਸਿੰਘ, ਵਿੱਕੀ, ਆਸ਼ੂ, ਅਮਨ ਮਿਸ਼ਰਾ, ਦਿਲਵਰ, ਵਿਸ਼ਮ ਰਾਣਾ, ਕੁਲਵਿੰਦਰ ਸਿੰਘ ਸਣੇ ਹੋਰਨਾਂ ਨੇ ਦੱਸਿਆ ਕਿ ਭਗਤ ਸਿੰਘ ਨਗਰ ਵਿੱਚ ਲੰਘੇ ਦੋ ਮਹੀਨੇ ਤੋਂ ਪਾਣੀ ਦੀ ਘੱਟ ਸਪਲਾਈ ਆ ਰਹੀ ਹੈ। ਪਹਿਲਾਂ ਤਾਂ ਪਾਣੀ ਦੀ ਸਪਲਾਈ ਆ ਜਾਂਦੀ ਸੀ ਪਰ ਹੁਣ ਅੱਠ ਦਿਨਾਂ ਤੋਂ ਸਪਲਾਈ ਬਿਲਕੁਲ ਠੱਪ ਹੋ ਗਈ ਹੈ। ਕਲੋਨੀ ਦੇ ਵਸਨੀਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਪਾਣੀ ਦੀ ਸਪਲਾਈ ਘੱਟ ਹੋਣ ਕਾਰਨ ਉਨ੍ਹਾਂ ਦੀ ਮੰਗ ਪੂਰੀ ਨਹੀਂ ਹੁੰਦੀ ਅਤੇ ਉਹ ਮੰਗ ਪੂਰੀ ਕਰਨ ਲਈ ਧੱਕੇ ਖਾਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਲੰਘੇ ਦੋ ਮਹੀਨੇ ਤੋਂ ਵਾਰਡ ਦੇ ਕੌਂਸਲਰ ਅਤੇ ਕੌਂਸਲ ਅਧਿਕਾਰੀਆਂ ਦੇ ਗੇੜੇ ਕੱਢ ਰਹੇ ਹਨ ਪਰ ਉਹ ਛੇਤੀ ਸਮੱਸਿਆ ਦਾ ਹੱਲ ਹੋਣ ਦਾ ਭਰੋਸਾ ਦੇ ਕੇ ਟਾਲ ਦਿੰਦੇ ਹਨ। ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਾਣੀ ਦੀ ਕਿੱਲਤ ਪੂਰੀ ਕਰਨ ਲਈ ਉਨ੍ਹਾਂ ਨੂੰ ਨਿੱਜੀ ਟੈਂਕਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਲੰਮੇ ਸਮੇਂ ਤੋਂ ਨਗਰ ਕੌਂਸਲ ਨੂੰ ਇਸ ਖੇਤਰ ਲਈ ਵੱਖਰਾ ਟਿਊਬਵੈੱਲ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਹ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ ਹਨ। ਕਲੋਨੀ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਕਈਂ ਵਾਰ ਪ੍ਰਦਰਸ਼ਨ ਕਰ ਚੁੱਕੇ ਹਨ ਪਰ ਹਰੇਕ ਵਾਰ ਅਧਿਕਾਰੀ ਸਮੱਸਿਆ ਦਾ ਛੇਤੀ ਹੱਲ ਹੋਣ ਦਾ ਭਰੋਸਾ ਦੇ ਕੇ ਡੰਗ ਟਪਾ ਰਹੇ ਹਨ। ਪਾਣੀ ਦੀ ਮੰਗ ਪੂਰੀ ਨਾ ਹੋਣ ਕਾਰਨ ਉਨ੍ਹਾਂ ਦੇ ਘਰੇਲੂ ਕੰਮ ਪੂਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ।
ਮਸਲਾ ਹੱਲ ਕਰਵਾ ਦਿੱਤਾ ਜਾਵੇਗਾ: ਪਥਰੀਆ
ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਪਥਰੀਆ ਨੇ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰ ਕੇ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਵੇਂ ਟਿਊਬਵੈੱਲ ਦੀ ਲੋੜ ਹੋਈ ਤਾਂ ਇਸ ਸਬੰਧੀ ਹਾਊਸ ਵਿੱਚ ਵਿਚਾਰ ਕਰ ਸਰਬਸੰਮਤੀ ਨਾਲ ਫੈਸਲਾ ਲੈ ਲਿਆ ਜਾਵੇਗਾ।