ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਜਨਵਰੀ
ਸ਼ਹਿਰ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵਿੱਚ ਵਿੱਦਿਅਕ ਸੈਸ਼ਨ 2022-23 ਲਈ ਐਂਟਰੀ ਲੈਵਲ ਜਮਾਤਾਂ ’ਚ ਦਾਖਲੇ ਵਾਸਤੇ ਡਰਾਅ ਮੁਕੰਮਲ ਹੋ ਚੁੱਕੇ ਹਨ ਅਤੇ ਗਿਣਤੀ ਦੇ ਸਕੂਲਾਂ ਵਿੱਚ ਅਗਲੇ ਹਫਤੇ ਡਰਾਅ ਹੋਣੇ ਹਨ। ਅੱਜ ਕਾਰਮਲ ਕਾਨਵੈਂਟ ਸਕੂਲ ਸੈਕਟਰ 9, ਭਵਨ ਵਿਦਿਆਲਾ ਸੈਕਟਰ 33 ਅਤੇ ਸੇਂਟ ਜ਼ੇਵੀਅਰ ਸਕੂਲ ਸੈਕਟਰ 44 ਵਿਚ ਡਰਾਅ ਹੋਏ। ਇਹ ਡਰਾਅ ਆਨਲਾਈਨ ਕੱਢੇ ਗਏ।
ਹੁਣ ਤੱਕ ਸ਼ਹਿਰ ਦੇ ਕੁੱਲ 87 ਨਿੱਜੀ ਸਕੂਲਾਂ ਵਿੱਚੋਂ 70 ਦੇ ਕਰੀਬ ਸਕੂਲਾਂ ’ਚ ਡਰਾਅ ਪ੍ਰੀਕਿਰਿਆ ਮੁਕੰਮਲ ਹੋ ਚੁੱਕੀ ਹੈ। ਅੱਜ ਤਿੰਨ ਸਕੂਲਾਂ ਵਿੱਚ 285 ਸੀਟਾਂ ਲਈ ਡਰਾਅ ਕੱਢੇ ਗਏ। ਇਨ੍ਹਾਂ ਸਕੂਲਾਂ ਵਿਚ ਡਰਾਅ ਆਨਲਾਈਨ ਕੱਢੇ ਗਏ, ਜਿਸ ਦੇ ਲਿੰਕ ਸਵੇਰੇ ਮਾਪਿਆਂ ਨੂੰ ਭੇਜੇ ਗਏ ਸਨ। ਭਵਨ ਵਿਦਿਆਲਾ ਵਿੱਚ ਐਂਟਰੀ ਲੈਵਲ ਜਮਾਤਾਂ ਲਈ 100 ਸੀਟਾਂ ਹਨ ਜਿਨ੍ਹਾਂ ਲਈ 1842 ਅਰਜ਼ੀਆਂ ਆਈਆਂ ਸਨ। ਅੱਜ 37 ਜਨਰਲ ਕੈਟਾਗਰੀ ਦੇ ਡਰਾਅ ਕੱਢੇ ਗਏ ਜਦਕਿ 25 ਫੀਸਦੀ ਸੀਟਾਂ ਆਰਥਿਕ ਪੱਖੋਂ ਕਮਜ਼ੋਰ, ਤਿੰਨ ਸਟਾਫ ਮੈਂਬਰਾਂ, 20 ਸੀਟਾਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਭੈਣ-ਭਰਾਵਾਂ ਅਤੇ 5 ਅਲੂਮਨੀ ਲਈ ਰਾਖਵੀਆਂ ਸਨ। ਇਸ ਤੋਂ ਇਲਾਵਾ ਸੇਂਟ ਜ਼ੇਵੀਅਰ ਵਿਚ 100 ਸੀਟਾਂ ਲਈ ਜ਼ੂਮ ਐਪ ਰਾਹੀਂ ਡਰਾਅ ਗਏ। ਕਾਰਮਲ ਕਾਨਵੈਂਟ ਸਕੂਲ ਵਿਚ ਅੱਜ ਨਰਸਰੀ ਕਲਾਸ ਦੀਆਂ 120 ਸੀਟਾਂ ਲਈ ਡਰਾਅ ਹੋਇਆ। ਦੱਸਣਯੋਗ ਹੈ ਕਿ ਇਸ ਸਕੂਲ ਵਿਚ ਐੱਲਕੇਜੀ ਲਈ ਡਰਾਅ 21 ਜਨਵਰੀ ਨੂੰ ਹੋਏ ਸਨ।