ਪੱਤਰ ਪ੍ਰੇਰਕ
ਲਾਲੜੂ, 18 ਜੁਲਾਈ
ਪਿੰਡ ਝਰਮੜੀ ਵਿੱਚ ਬਣੇ ਓਮੈਕਸ ਕੰਪਨੀ ਦੇ ਪ੍ਰਾਜੈਕਟ ਸਾਹਮਣੇ ਗੇਟ ਅੱਗੇ ਅੱਜ ਪਿੰਡ ਵਾਸੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੰਪਨੀ ਖਿਲਾਫ਼ ਧਰਨਾ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਓਮੈਕਸ ਕੰਪਨੀ ਵੱਲੋਂ ਪਿੰਡ ਝਰਮੜੀ ਦੀ ਪੰਚਾਇਤੀ ਅਤੇ ਹੋਰ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਬਰਸਾਤੀ ਅਤੇ ਸੀਵਰੇਜ ਦਾ ਪਾਣੀ ਸੁੱਟਿਆ ਜਾ ਰਿਹਾ ਹੈ ਅਤੇ ਪਿੰਡ ਦੇ ਗੰਦੇ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਵੀ ਰੋਕੀ ਹੋਈ ਹੈ ਜਿਸ ਕਾਰਨ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਵਿੱਚ ਬਰਸਾਤ ਦਾ ਪਾਣੀ ਖੜ੍ਹ ਗਿਆ ਹੈ ਅਤੇ ਪਿੰਡ ਦੀਆਂ ਗਲੀਆਂ, ਨਾਲੀਆਂ ਅਤੇ ਘਰਾਂ ਵਿੱਚ ਵੀ ਬਰਸਾਤੀ ਪਾਣੀ ਮਾਰ ਕਰ ਰਿਹਾ ਹੈ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਬਹਾਦਰ ਸਿੰਘ ਝਰਮੜੀ, ਐਡਵੋਕੇਟ ਜਗਤਾਰ ਸਿੰਘ, ਨਿੱਕਾ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾਈ ਕਾਰਜਕਾਰਨੀ ਦੇ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ, ਬਲਾਕ ਪ੍ਰਧਾਨ ਕਰਮ ਸਿੰਘ ਬਰੌਲੀ, ਸਾਬਕਾ ਚੈਅਰਮੇਨ ਲੈਂਡ ਮਾਰਗੇਜ਼ ਬੈਂਕ ਜਰਨੈਲ ਸਿੰਘ ਝਰਮੜੀ, ਗੁਰਮੀਤ ਸਿੰਘ ਖਾਲਸਾ, ਹਰਵਿੰਦਰ ਪਾਲ ਸਿੰਘ ਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਓਮੈਕਸ ਕੰਪਨੀ ਦੇ ਫਲੈਟਾਂ ਦਾ ਬਰਸਾਤੀ ਅਤੇ ਸੀਵਰੇਜ ਵਾਲਾ ਪਾਣੀ ਪਿੰਡ ਝਰਮੜੀ ਦੇ ਰਕਬੇ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਵਿੱਚ ਖੜ੍ਹੀ ਫ਼ਸਲ ਖਰਾਬ ਹੋ ਰਹੀ ਹੈ।
ਅਧਿਕਾਰੀਆਂ ਵੱਲੋਂ ਸਮੱਸਿਆ ਹੱਲ ਕਰਨ ਦਾ ਭਰੋਸਾ
ਇਸ ਮੌਕੇ ਨਾਇਬ ਤਹਿਸੀਲਦਾਰ ਡੇਰਾਬੱਸੀ ਹਰਿੰਦਰਜੀਤ ਸਿੰਘ ਅਤੇ ਐੱਸਐੱਚਓ ਲਾਲੜੂ ਆਕਾਸ਼ਦੀਪ ਸ਼ਰਮਾ ਨੇ ਵੀ ਮੌਕੇ ਦਾ ਦੌਰਾ ਕੀਤਾ ਅਤੇ ਭਰੋਸਾ ਦਿਵਾਇਆ ਕਿ ਭਲਕੇ ਬੀਡੀਪੀਓ ਡੇਰਾਬੱਸੀ ਨਾਲ ਗੱਲਬਾਤ ਕਰ ਕੇ ਪਾਣੀ ਦੀ ਨਿਕਾਸੀ ਦਾ ਹੱਲ ਕੱਢਿਆ ਜਾਵੇਗਾ। ਓਮੈਕਸ ਕੰਪਨੀ ਦੇ ਪ੍ਰਬੰਧਕ ਸ੍ਰੀ ਬਖਸ਼ੀ ਨੇ ਕਿਹਾ ਕਿ ਉਨ੍ਹਾਂ ਨੇ ਕੰਪਨੀ ਵਿੱਚ ਈਟੀਪੀ ਲਾਇਆ ਹੋਇਆ ਹੈ ਤੇ ਪਾਣੀ ਬਾਹਰ ਨਹੀਂ ਕੱਢਿਆ ਜਾਂਦਾ ਜਦਕਿ ਫਲੈਟਾਂ ਵਿੱਚ ਰਹਿ ਰਹੇ ਕੁੱਝ ਵਿਅਕਤੀਆਂ ਨੇ ਕਿਹਾ ਕਿ ਈਟੀਪੀ ਪਲਾਂਟ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ।