ਹਰਜੀਤ ਸਿੰਘ
ਜ਼ੀਰਕਪੁਰ, 18 ਅਗਸਤ
ਇਥੋਂ ਦੇ ਬਲਟਾਣਾ ਖੇਤਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਵਿਛਾਈ ਜਾ ਰਹੀ ਡਰੇਨੇਜ ਲਾਈਨ ਸਥਾਨਕ ਲੋਕਾਂ ਲਈ ਸਿਰਦਰਦੀ ਬਣਦੀ ਜਾ ਰਹੀ ਹੈ। ਇਸ ਨੂੰ ਵਿਛਾਉਣ ਦਾ ਕੰਮ ਬਹੁਤ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ। ਉਪਰੋਂ ਮੀਂਹ ਦੇ ਮੌਸਮ ਨੇ ਉਨ੍ਹਾਂ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ।
ਜਾਣਕਾਰੀ ਅਨੁਸਾਰ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਇਥੋਂ ਦੀ ਹੇਮ ਵਿਹਾਰ ਕਲੋਨੀ ਵਿੱਚ ਡਰੇਨੇਜ ਲਈ ਖ਼ੁਦਾਈ ਕੀਤੀ ਗਈ ਹੈ। ਸਬੰਧਿਤ ਠੇਕੇਦਾਰ ਵੱਲੋਂ ਲਾਈਨ ਵਿਛਾਉਣ ਮਗਰੋਂ ਗਲੀਆਂ ਤੇ ਸੜਕਾਂ ਨੂੰ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ, ਸਗੋਂ ਉੱਪਰ ਮਿੱਟੀ ਪਾ ਕੇ ਛੱਡ ਦਿੱਤਾ ਗਿਆ ਹੈ। ਮੀਂਹ ਦੇ ਪਾਣੀ ਕਾਰਨ ਵਿਛਾਈ ਗਈ ਲਾਈਨ ਥਾਂ ਥਾਂ ਤੋਂ ਧੱਸ ਗਈ ਹੈ, ਜਿਸ ਵਿੱਚ ਹਰ ਰੋਜ਼ ਕੋਈ ਨਾ ਕੋਈ ਵਾਹਨ ਧੱਸਿਆ ਰਹਿੰਦਾ ਹੈ। ਹੇਮ ਵਿਹਾਰ ਦੇ ਵਸਨੀਕਾਂ ਦਲਜੀਤ ਸਿੰਘ, ਵੇਦ ਪ੍ਰਕਾਸ਼, ਤਰਸੇਮ ਕੁਮਾਰ, ਰਾਕੇਸ਼ ਭਰਤ ਆਦਿ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਨਗਰ ਕੌਂਸਲ ਨੂੰ ਮੌਨਸੂਨ ਤੋਂ ਪਹਿਲਾਂ ਲਾਈਨ ਵਿਛਾਉਣ ਦਾ ਕੰਮ ਨਬਿੇੜਨਾ ਚਾਹੀਦਾ ਸੀ। ਹੁਣ ਇਸ ਨੂੰ ਪੂਰਾ ਕਰਨ ਲਈ ਥਾਂ ਥਾਂ ਤੋਂ ਸੜਕ ਅਤੇ ਗਲੀਆਂ ਪੁੱਟ ਦਿੱਤੀਆਂ ਗਈਆਂ ਹਨ। ਇਸ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਸੰਪਰਕ ਕਰਨ ’ਤੇ ਕਿਹਾ ਕਿ ਬਲਟਾਣਾ ਖੇਤਰ ਵਿੱਚ ਕਾਫ਼ੀ ਸਮੇਂ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਹੈ। ਡਰੇਨੇਜ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਲਾਈਨ ਵਿਛਾਉਣ ਮਗਰੋਂ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਛੇਤੀ ਕਰ ਦਿੱਤੀ ਜਾਵੇਗੀ।
ਵਾਰਡ ਨੰਬਰ 7 ਦੀ ਕੌਂਸਲਰ ਸ਼ਿਵਾਨੀ ਗੋਇਲ ਨੇ ਕਿਹਾ ਕਿ ਜ਼ੀਰਕਪੁਰ ਨਗਰ ਕੌਂਸਲ ਦੇ ਗਠਨ ਵਿੱਚ ਹੋਈ ਦੇਰੀ ਕਰਕੇ ਡਰੇਨੇਜ ਦੇ ਕੰਮ ਦਾ ਟੈਂਡਰ ਦੇਰੀ ਨਾਲ ਹੋਇਆ, ਜਿਸ ਕਰਕੇ ਕੰਮ ਪੱਛੜ ਕੇ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਸਤੰਬਰ ਦੇ ਪਹਿਲੇ ਹਫ਼ਤੇ ਤੱਕ ਪਾਈਪਲਾਈਨ ਪਾਉਣ ਕਰਕੇ ਹੋਈ ਪੁੱਟ-ਪੁਟਾਈ ਦੀ ਰਿਪੇਅਰ ਦਾ ਕੰਮ ਸ਼ੁਰੂ ਹੋ ਜਾਵੇਗਾ। ਉਂਜ ਉਨ੍ਹਾਂ ਮੰਨਿਆ ਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।