ਹਰਦੇਵ ਚੌਹਾਨ
ਚੰਡੀਗੜ੍ਹ, 6 ਫਰਵਰੀ
ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬ ਕਲਾ ਭਵਨ ਵਿੱਚ ਹਫ਼ਤਾ ਭਰ ਚੱਲੇ ਡਾ. ਐੱਮ.ਐੱਸ ਰੰਧਾਵਾ ਯਾਦਗਾਰੀ ਕਲਾ ਉਤਸਵ ਦੇ ਆਖਰੀ ਦਿਨ ਪਦਮ ਸ੍ਰੀ ਨਾਟਕਕਾਰ ਡਾ. ਨੀਲਮ ਮਾਨ ਸਿੰਘ ਚੌਧਰੀ ‘ਤੇਰੇ ਸਨਮੁਖ’ ਪ੍ਰੋਗਰਾਮ ਤਹਿਤ ਦਰਸ਼ਕਾਂ ਦੇ ਰੂਬਰੂ ਹੋਏ। ਉਨ੍ਹਾਂ ਆਪਣੇ ਜੀਵਨ ਦੇ ਨਾਟਕੀ ਅਤੇ ਤਲਖ ਕਲਾਤਮਿਕ ਤਜਰਬੇ, ਨਾਟਕ ਕਲਾ ਪ੍ਰਤੀ ਸਮਰਪਿਤ ਭਾਵਨਾ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਬਚਪਨ ਤੇ ਯਾਦਾਂ ਕਲਾਕਾਰ ਦੀ ਜੀਵਨ ਸ਼ੈਲੀ ਨੂੰ ਬਹੁਤ ਪ੍ਰਭਾਵਤ ਕਰਦੀਆਂ ਹਨ। ਉਨ੍ਹਾਂ ਨਾਲ ਗੱਲਬਾਤ ਦਾ ਸਿਲਸਿਲਾ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਨਿਭਾਇਆ।
ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਡਾ. ਨੀਲਮ ਵੱਲੋਂ ਨਾਟਕ ਦੇ ਖੇਤਰ ਵਿੱਚ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ. ਨੀਲਮ ਮਾਨ ਸਿੰਘ ਨੇ ਇੱਕ ਸੰਸਥਾ ਜਿੰਨਾ ਕਾਰਜ ਕੀਤਾ ਹੈ। ਮੰਚ ਸੰਚਾਲਕ ਡਾ. ਪ੍ਰੀਤਮ ਰੁਪਾਲ ਸਨ। ਡਾ. ਨਿਰਮਲ ਜੌੜਾ, ਦਵਿੰਦਰ ਦਮਨ, ਸ਼ਬਦੀਸ਼, ਸੁਰਜੀਤ ਸੁਮਨ, ਜਗਦੀਪ ਸਿੱਧੂ, ਹਰਦਿਆਲ ਥੂਹੀ ਤੇ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਸਮੇਤ ਹੋਰ ਕਲਾ ਪ੍ਰੇਮੀ ਹਾਜ਼ਰ ਰਹੇ। ਆਥਣ ਦੇ ਪ੍ਰੋਗਰਾਮਾਂ ਵਿਚ ਬਾਜ਼ੀਗਰ ਕੇਸਰ ਸਿੰਘ ਦੀ ਟੋਲੀ ਨੇ ਕਲਾ ਭਵਨ ਦੇ ਵਿਹੜੇ ਵਿਚ ਮਨੋਰੰਜਕ ਬਾਜੀਆਂ ਪਾਈਆਂ। ਕੇਵਲ ਧਾਲੀਵਾਲ ਦੀ ਟੀਮ ਨੇ ਵਰਿਆਮ ਸੰਧੂ ਦੀ ਕਹਾਣੀ ‘ਮੈਂ ਰੋ ਨਾ ਲਵਾਂ ਇਕ ਵਾਰ’ ਉੱਤੇ ਨਾਟਕ ਖੇਡਿਆ।