ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 2 ਅਕਤੂਬਰ
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਵੰਤ ਸਿੰਘ ਨੇ ਇੱਥੋਂ ਦੇ ਸੈਕਟਰ-69 ਸਥਿਤ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ (ਰਜਿ.) ਦੀ ਨਵੀਂ ਇਮਾਰਤ (ਗਰਾਉਂਡ ਫਲੋਰ) ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਉਨ੍ਹਾਂ ਨੇ ਆਪਣੇ ਹੱਥੀਂ ਪਿੱਲਰਾਂ ਦੇ ਨਿਰਮਾਣ ਦੌਰਾਨ ਮਿਕਸਚਰ ਸੀਮਿੰਟ ਪਾਇਆ ਅਤੇ ਕਾਂਡੀ ਚਲਾਈ।
ਵਿਧਾਇਕ ਕੁਲਵੰਤ ਸਿੰਘ ਨੇ ਸੰਸਥਾ ਵੱਲੋਂ ਸਮਾਜ ਦੇ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਹਰ ਸੰਭਵ ਸਹਾਇਤਾ ਅਤੇ ਮਾਲੀ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੇ ਲੋਕਾਂ ਨੂੰ ਡਾ. ਭੀਮ ਰਾਓ ਅੰਬੇਦਕਰ ਦੀ ਬਹੁਤ ਵੱਡੀ ਦੇਣ ਹੈ। ਉਨ੍ਹਾਂ ਗ਼ਰੀਬ ਵਰਗ ਦੇ ਪਰਿਵਾਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ਦਾ ਤਹੀਆ ਕਰਨ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਲਈ ਸਮਾਜ ਵਿੱਚ ਬਰਾਬਰਤਾ ਦਾ ਹੱਕ ਹਾਸਲ ਕਰਨ ਲਈ ਮਿਆਰੀ ਸਿੱਖਿਆ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਜਗਤਾਰ ਸਿੰਘ ਨੇ ਵਿਧਾਇਕ ਕੁਲਵੰਤ ਸਿੰਘ ਤੇ ਹੋਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ, ਬਲਦੇਵ ਸਿੰਘ, ਚੌਧਰੀ ਕਿਸ਼ੋਰੀ ਲਾਲ, ਵਿੱਤ ਸਕੱਤਰ ਹਰੀ ਰਾਮ ਅਤੇ ਸਮਾਜ ਸੇਵੀ ਸੁਖਦੀਪ ਸਿੰਘ ਨਿਆਂ ਆਦਿ ਹਾਜ਼ਰ ਸਨ।