ਕਰਮਜੀਤ ਸਿੰਘ ਚਿੱਲਾ
ਬਨੂੜ, 16 ਜੂਨ
ਰਾਜਪੁਰਾ ਹਲਕੇ ਦੇ ਦਰਜਨਾਂ ਪਿੰਡਾਂ ਨੂੰ ਬਨੂੜ-ਲਾਂਡਰਾਂ ਕੌਮੀ ਮਾਰਗ ਅਤੇ ਮੁਹਾਲੀ ਨਾਲ ਜੋੜਨ ਵਾਲੀਆਂ ਅਤੇ ਬੇਹੱਦ ਖਸਤਾ ਹਾਲਤ ਵਾਲੀਆਂ ਦੋ ਸੜਕਾਂ ਦੀ ਹੁਣ ਨੁਹਾਰ ਬਦਲ ਜਾਵੇਗੀ। ਪੰਜਾਬ ਮੰਡੀ ਬੋਰਡ ਵੱਲੋਂ ਇਨ੍ਹਾਂ ਦੋਵੇਂ ਸੜਕਾਂ ’ਤੇ ਦਸ ਕਰੋੜ ਦੇ ਕਰੀਬ ਰਾਸ਼ੀ ਖਰਚ ਕੇ ਇਨ੍ਹਾਂ ਨੂੰ ਦਸ ਫੁੱਟ ਤੋਂ ਅਠਾਰਾਂ ਫੁੱਟ ਚੌੜਾ ਕਰਨ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਨ੍ਹਾਂ ਸੜਕਾਂ ਨੂੰ ਨਵਿਆਉਣ ਲਈ ਮੁਹਾਲੀ ਹਲਕੇ ਦੇ ਬਲਬੀਰ ਸਿੰਘ ਸਿੱਧੂ ਅਤੇ ਰਾਜਪੁਰਾ ਹਲਕੇ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਸਨ। ਪੰਜਾਬ ਮੰਡੀ ਬੋਰਡ ਦੇ ਇੰਜਨੀਅਰ ਇਨ ਚੀਫ਼ ਹਰਪ੍ਰੀਤ ਸਿੰਘ ਬਰਾੜ ਨੇ ਸੜਕਾਂ ਚੌੜੀਆਂ ਕਰਨ ਸਬੰਧੀ ਦਿੱਤੀ ਪ੍ਰਵਾਨਗੀ ਬਾਰੇ ਦੋਹਾਂ ਵਿਧਾਇਕਾਂ ਨੂੰ ਲਿਖਤੀ ਪੱਤਰ ਭੇਜਕੇ ਜਾਣੂ ਕਰਾ ਦਿੱਤਾ ਹੈ। ਪੱਤਰ ਅਨੁਸਾਰ ਖੇੜਾ ਗੱਜੂ ਤੋਂ ਅਬਰਾਵਾਂ-ਗੁਡਾਣਾ-ਢੇਲਪੁਰ-ਤਸੌਲੀ-ਮਾਣਕਪੁਰ-ਸਨੇਟਾ ਨੂੰ ਜਾਂਦੀਆਂ ਸੜਕਾਂ ਜਿਨ੍ਹਾਂ ਦੀ ਲੰਬਾਈ 14.20 ਕਿਲੋਮੀਟਰ ਪੈਂਦੀ ਹੈ, ਨੂੰ ਚੌੜਾ ਕੀਤਾ ਜਾਵੇਗਾ। ਇਸ ਸੜਕ ਉੱਤੇ 5 ਕਰੋੜ, 84 ਲੱਖ, 92 ਹਜ਼ਾਰ ਦੇ ਮੁੱਢਲੇ ਖਰਚੇ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਖੇੜਾ ਗੱਜੂ ਤੋਂ ਮੀਂਢੇਮਾਜਰਾ-ਗੀਗੇਮਾਜਰਾ-ਨਗਾਰੀ ਨੂੰ ਹੋਕੇ ਦੈੜੀ ਵਿੱਚ ਬਨੂੜ-ਲਾਂਡਰਾਂ ਕੌਮੀ ਮਾਰਗ ਨਾਲ ਜੁੜਨ ਵਾਲੀ ਸੜਕ ਨੂੰ ਦਸ ਫ਼ੁੱਟ ਤੋਂ ਅਠਾਰਾਂ ਫੁੱਟ ਚੌੜਾ ਕੀਤਾ ਜਾਵੇਗਾ। ਪਿੰਡਾਂ ਦੀਆਂ ਪੰਚਾਇਤਾਂ ਨੇ ਸ੍ਰੀ ਸਿੱਧੂ ਅਤੇ ਸ੍ਰੀ ਕੰਬੋਜ ਦਾ ਧੰਨਵਾਦ ਕੀਤਾ।
ਪੰਚਾਇਤਾਂ ਨੇ ਇਨ੍ਹਾਂ ਸੜਕਾਂ ਨੂੰ ਨਵਿਆਉਣ ਲਈ ਮਿਲੀ ਮਨਜ਼ੂਰੀ ਲਈ ਅਦਾਰਾ ਪੰਜਾਬੀ ਟ੍ਰਿਬਿਊਨ ਦਾ ਵੀ ਧੰਨਵਾਦ ਕੀਤਾ ਹੈ।