ਕਰਮਜੀਤ ਸਿੰਘ ਚਿੱਲਾ
ਬਨੂੜ, 26 ਅਗਸਤ
ਮੁਹਾਲੀ ਜ਼ਿਲ੍ਹੇ ਦੇ ਕਿਸਾਨ ਮੱਕੀ ਦੀ ਪੈਦਾਵਾਰ ਵੱਲ ਉਤਸ਼ਾਹਿਤ ਹੋਏ ਹਨ। ਪਿਛਲੇ ਪੰਜ ਸਾਲਾਂ ਦੌਰਾਨ ਜ਼ਿਲ੍ਹੇ ਵਿੱਚ ਮੱਕੀ ਦੀ ਕਾਸ਼ਤ ਹੇਠਲਾ ਰਕਬਾ ਦੁੱਗਣਾ ਹੋ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਚਾਲੂ ਵਰ੍ਹੇ ਦੌਰਾਨ ਮੱਕੀ ਦੀ ਫ਼ਸਲ ਹੇਠ ਤਿੰਨ ਹਜ਼ਾਰ ਹੈਕਟੇਅਰ ਦੇ ਕਰੀਬ ਰਕਬੇ ਦਾ ਰਿਕਾਰਡ ਵਾਧਾ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2016 ਵਿੱਚ ਜ਼ਿਲ੍ਹੇ ਵਿੱਚ 5597 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬਿਜਾਈ ਹੋਈ, ਜਿਸ ਵਿੱਚ ਖਰੜ ਬਲਾਕ ’ਚ 2302 ਹੈਕਟੇਅਰ, ਮਾਜਰੀ ਬਲਾਕ ’ਚ 1889 ਹੈਕਟੇਅਰ ਤੇ 1406 ਹੈਕਟੇਅਰ ਮੱਕੀ ਬੀਜੀ ਗਈ। 2017 ਵਿੱਚ ਮੁਹਾਲੀ ਜ਼ਿਲ੍ਹੇ ’ਚ 5568 ਹੈਕਟੇਅਰ, 2018 ਵਿੱਚ 5745 ਹੈਕਟੇਅਰ ਤੇ 2019 ਵਿੱਚ 7773 ਹੈਕਟੇਅਰ ਰਕਬੇ ਵਿੱਚ ਮੱਕੀ ਦੀ ਬਿਜਾਈ ਕੀਤੀ ਗਈ। ਚਾਲੂ ਸਾਲ ਵਿੱਚ 10600 ਹੈਕਟੇਅਰ ਖੇਤਰ ਵਿੱਚ ਮੱਕੀ ਬੀਜੀ ਗਈ ਹੈ, ਜਿਸ ਵਿੱਚ ਖਰੜ ਬਲਾਕ ਵਿੱਚ 4350 ਹੈਕਟੇਅਰ, ਮਾਜਰੀ ਬਲਾਕ ਵਿੱਚ 3270 ਹੈਕਟੇਅਰ ਤੇ ਡੇਰਾਬੱਸੀ ਬਲਾਕ ਵਿੱਚ 2980 ਹੈਕਟੇਅਰ ਰਕਬਾ ਸ਼ਾਮਲ ਹੈ।
ਜ਼ਿਲ੍ਹਾ ਮੁਹਾਲੀ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਜੀਤ ਸਿੰਘ ਬੈਂਸ, ਖਰੜ ਦੇ ਬਲਾਕ ਅਫ਼ਸਰ ਡਾ. ਸੰਦੀਪ ਕੁਮਾਰ ਰਿਣਵਾ, ਡੇਰਾਬੱਸੀ ਦੇ ਬਲਾਕ ਅਫ਼ਸਰ ਜੈਦੀਪ ਸਿੰਘ ਤੇ ਇਨਫ਼ੋਰਸਮੈਂਟ ਵਿੰਗ ਦੇ ਖੇਤੀਬਾੜੀ ਅਫ਼ਸਰ ਡਾ. ਗੁਰਵੰਤ ਸਿੰਘ ਤੇ ਆਧਾਰਿਤ ਟੀਮ ਨੇ ਅੱਜ ਬਨੂੜ ਖੇਤਰ ਦੇ ਪਿੰਡ ਧਰਮਗੜ੍ਹ ਤੇ ਹੋਰਨਾ ਖੇਤਰਾਂ ਵਿੱਚ ਮੱਕੀ ਦੀ ਫ਼ਸਲ ਦਾ ਨਿਰੀਖ਼ਣ ਕੀਤਾ। ਉਨ੍ਹਾਂ ਕਿਸਾਨਾਂ ਨੂੰ ਸਹੀ ਮਿਣਤੀ ਨਾਲ ਦਵਾਈ ਪਾਊਣ ਦੀ ਸਲਾਹ ਦਿੱਤੀ।