ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 16 ਫਰਵਰੀ
ਗੌਰਮਿੰਟ ਟੀਚਰ ਯੂਨੀਅਨ ਨੇ ਸਿੱਖਿਆ ਵਿਭਾਗ ਦੀ ਦੂਹਰੇ ਮਾਪਦੰਡ ਵਾਲੀ ਤਬਾਦਲਾ ਨੀਤੀ ਦੀ ਸਖ਼ਤ ਅਲੋਚਨਾ ਕਰਦਿਆਂ ਉੱਚ ਅਧਿਕਾਰੀਆਂ ਤੇ ਮਨਮਾਨੀਆਂ ਨਾਲ ਬਦਲੀ ਨੀਤੀ ਲਾਗੂ ਕਰਨ ਦੇ ਦੋਸ਼ ਲਗਾਏ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਪ੍ਰਾਇਮਰੀ ਵਿਭਾਗ ਅੰਦਰ ਸਿੱਧੀ ਭਰਤੀ ਰਾਹੀਂ ਨਿਯੁਕਤ ਹੋਏ ਹੈੱਡ ਟੀਚਰਾਂ, ਸੈਂਟਰ ਹੈੱਡ ਟੀਚਰਾਂ ਨੂੰ ਬਦਲੀ ਦਾ ਮੌਕਾ ਦਿੱਤਾ ਗਿਆ ਹੈ, ਜਦਕਿ ਸਾਲਾਂ ਬੱਧੀ ਨੌਕਰੀ ਕਰਨ ਮਗਰੋਂ ਪਦਉੱਨਤ ਹੋਏ ਉਕਤ ਕੈਟਾਗਰੀ ਦੇ ਅਧਿਆਪਕਾਂ ਨੂੰ ਬਦਲੀ ਤੋਂ ਵਾਂਝਾ ਕਰ ਦਿੱਤਾ ਗਿਆ ਹੈ। ਉਨ੍ਹਾਂ ਵਿਭਾਗੀ ਤੌਰ ’ਤੇ ਪਦਉੱਨਤ ਅਧਿਆਪਕਾਂ ਪ੍ਰਤੀ ਅਧਿਕਾਰੀਆਂ ਦੇ ਮਤਰੇਈ ਮਾਂ ਵਾਲਾ ਸਲੂਕ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਦਹਾਕਿਆਂ ਦੀ ਜੱਦੋ-ਜਹਿਦ ਬਾਅਦ ਬਣੀ ਤਬਾਦਲਾ ਨੀਤੀ ਇਕਸਾਰਤਾ ਨਾਲ ਲਾਗੂ ਕੀਤੀ ਜਾਵੇ।