ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 28 ਅਪਰੈਲ
ਸਰਕਾਰੀ ਹਾਈ ਸਕੂਲ ਮਲੋਆ ਕਲੋਨੀ ਨੇ ਵਿਗਿਆਨ ਖੇਤਰ ਵਿਚ ਅਹਿਮ ਪ੍ਰਾਪਤੀ ਕਰਦਿਆਂ ਸਕੂਲ ਦੇ ਚਾਰ ਅਧਿਆਪਕਾਂ ਨੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਜਲੰਧਰ ਦੀ ਤਰਜ਼ ’ਤੇ ਥ੍ਰੀ-ਡੀ ਸੀਵੀ ਰਮਨ ਡੋਮ ਥੀਏਟਰ ਬਣਾਇਆ ਹੈ ਜਿਸ ਵਿਚ ਵਰਚੁਅਲ ਰੂਪ ਵਿੱਚ ਵਿਦਿਆਰਥੀ ਆਕਾਸ਼ ਦੀ ਸੈਰ ਕਰ ਸਕਣਗੇ। ਇਹ ਥੀਏਟਰ ਵਿਦਿਆਰਥੀਆਂ ਨੂੰ ਪੁਲਾੜ, ਚੰਨ ਤਕ ਦੇ ਸਫਰ ਤੇ ਲਾਈਟ ਦੀ ਗਤੀ ਆਦਿ ਦੇ ਤਜਰਬੇ ਰੂਬਰੂ ਹੋ ਕੇ ਕਰਵਾਉਂਦਾ ਹੈ। ਇਹ ਥੀਏਟਰ ਸਕੂਲ ਦੇ ਅਧਿਆਪਕ ਰਵੀ ਜੈਸਵਾਲ ਦੀ ਨਿਗਰਾਨੀ ਹੇਠ ਤਿਆਰ ਹੋਇਆ ਹੈ ਜਿਸ ਵਿਚ ਜਸਬੀਰ ਸਿੰਘ, ਸਰਬਜੀਤ ਸਿੰਘ, ਜਸਪ੍ਰੀਤ ਸਿੰਘ ਨੇ ਸਹਿਯੋਗ ਦਿੱਤਾ ਹੈ। ਸਕੂਲ ਦੇ ਹੈੱਡਮਾਸਟਰ ਮਨਮੋਹਨ ਸਿੰਘ ਤੇ ਉਪ ਮੁਖੀ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਸਕੂਲ ਨੂੰ ਸਾਇੰਸ ਪਾਰਕ ਬਣਾਉਣ ਲਈ 2.45 ਲੱਖ ਦੀ ਗਰਾਂਟ ਆਈ ਸੀ ਪਰ ਸਕੂਲ ਦੇ ਅਧਿਆਪਕ ਰਵੀ ਜੈਸਵਾਲ ਨੇ ਇਸ ਲਾਗਤ ਵਿਚ ਸਾਇੰਸ ਪਾਰਕ ਤੋਂ ਇਲਾਵਾ ਡੋਮ ਥੀਏਟਰ (80 ਹਜ਼ਾਰ) ਵੀ ਬਣਾ ਦਿੱਤਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਵਿਗਿਆਨ ਨੂੰ ਸਿੱਖਣ ਵਿੱਚ ਆਸਾਨੀ ਹੋ ਗਈ ਹੈ। ਥ੍ਰੀ-ਡੀ ਨਾਲ ਵਿਦਿਆਰਥੀਆਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੌਰ ਮੰਡਲ ਵਿਚ ਘੁੰਮ ਰਹੇ ਹਨ।
ਪੰਜ ਹੋਰ ਸਰਕਾਰੀ ਸਕੂਲਾਂ ਵਿਚ ਬਣਨਗੇ ਡੋਮ ਥੀਏਟਰ: ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਪੰਜ ਹੋਰ ਸਰਕਾਰੀ ਸਕੂਲਾਂ ਵਿਚ ਅਪਗਰੇਡ ਡੋਮ ਥੀਏਟਰ ਬਣਾਉਣ ਦੀ ਤਜਵੀਜ਼ ਹੈ ਜਿਸ ਲਈ ਪੰਜ-ਪੰਜ ਲੱਖ ਹਰੇਕ ਸਕੂਲ ਦੀ ਗਰਾਂਟ ਆ ਚੁੱਕੀ ਹੈ।
ਕਰੋਨਾ ਕਾਰਨ ਲਟਕਿਆ ਸੀ ਪ੍ਰਾਜੈਕਟ
ਕੇਂਦਰ ਸਰਕਾਰ ਨੇ ਮਲੋਆ ਕਲੋਨੀ ਸਕੂਲ ਵਿੱਚ ਵਿਗਿਆਨ ਪਾਰਕ ਬਣਾਉਣ ਲਈ ਸਾਲ 2018 ਵਿਚ ਗਰਾਂਟ ਦਿੱਤੀ ਸੀ ਪਰ ਕਰੋੋਨਾ ਕਾਰਨ ਇਹ ਪ੍ਰਾਜੈਕਟ ਉਸ ਵੇਲੇ ਸ਼ੁਰੂ ਨਹੀਂ ਹੋਇਆ ਤੇ ਪ੍ਰਾਜੈਕਟ ਦੀ ਉਸਾਰੀ ਹੁਣ ਮੁਕੰਮਲ ਹੋ ਚੁੱਕੀ ਹੈ। ਸਕੱਤਰੇਤ ਅਧਿਕਾਰੀਆਂ ਨੇ ਦੱਸਿਆ ਕਿ ਇਸ ਡੋਮ ਥੀਏਟਰ ਕਾਰਨ ਇਸ ਸਕੂਲ ਨੇ ਵੱਡੀ ਪ੍ਰਾਪਤੀ ਕੀਤੀ ਹੈ।