ਕਰਮਜੀਤ ਸਿੰਘ ਚਿੱਲਾ
ਬਨੂੜ, 23 ਅਕਤੂਬਰ
ਇਸ ਖੇਤਰ ਦੇ ਤਿੰਨ ਦਰਜਨ ਤੋਂ ਵੱਧ ਪਿੰਡਾਂ ਅਤੇ ਸ਼ਹਿਰ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਂਦੇ ਤੀਹ ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਵਿਚ ਸ਼ਾਮ ਅਤੇ ਦਿਨ ਸਮੇਂ ਡਾਕਟਰੀ ਸਹੂਲਤ ਮਿਲੇਗੀ। ਇਸ ਹਸਪਤਾਲ ਵਿੱਚ 2014 ਤੋਂ ਇਹ ਸੇਵਾਵਾਂ ਬੰਦ ਪਈਆਂ ਸਨ ਤੇ ਸਿਰਫ ਨੌਂ ਤੋਂ ਤਿੰਨ ਵਜੇ ਤੱਕ ਹੀ ਇੱਥੇ ਡਾਕਟਰ ਉਪਲਬਧ ਹੁੰਦੇ ਸਨ।
ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਪਿਛਲੇ ਦਿਨੀਂ ਇਹ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧਿਆਨ ਵਿੱਚ ਲਿਆਂਦਾ ਸੀ, ਜਿਨ੍ਹਾਂ ਤੁਰੰਤ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬਨੂੜ ਹਸਪਤਾਲ ਵਿੱਚ ਡਾਕਟਰਾਂ ਦੀ ਸ਼ਾਮ ਅਤੇ ਰਾਤ ਸਮੇਂ ਤਾਇਨਾਤੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਇਸ ਮਗਰੋਂ ਸ਼ਾਮੀਂ ਤਿੰਨ ਵਜੇ ਤੋਂ ਅੱਠ ਵਜੇ ਤੱਕ ਪਿਛਲੇ ਇੱਕ ਹਫ਼ਤੇ ਤੋਂ ਡਾਕਟਰ ਆਉਣ ਲੱਗ ਗਏ ਸਨ ਤੇ ਬੀਤੀ ਰਾਤ ਤੋਂ ਰਾਤ ਸਮੇਂ ਵੀ ਇੱਥੇ ਡਾਕਟਰ ਦੀ ਆਮਦ ਸ਼ੁਰੂ ਹੋ ਗਈ। ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਬਨੂੜ ਦੇ ਹਸਪਤਾਲ ਦੇ ਨਵੀਨੀਕਰਨ ਲਈ 80 ਲੱਖ ਤੋਂ ਵੱਧ ਦੀ ਰਾਸ਼ੀ ਸਿਹਤ ਕਾਰਪੋਰੇਸ਼ਨ ਵੱਲੋਂ ਖਰਚੀ ਜਾ ਰਹੀ ਹੈ। ਪੱਚੀ ਲੱਖ ਦੀ ਲਾਗਤ ਨਾਲ ਨਗਰ ਕੌਂਸਲ ਹਸਪਤਾਲ ਅੱਗਿਉਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਰਹੀ ਹੈ। ਉਹ ਆਪਣੇ ਤੌਰ ’ਤੇ ਅਗਲੇ ਦੋ-ਤਿੰਨ ਦਿਨਾਂ ਵਿੱਚ ਹਸਪਤਾਲ ਦੀ ਐਂਬੂਲੈਂਸ ਅਤੇ ਜਨਰਟੇਰ ਦੀ ਲੋੜ ਦੀ ਪੂਰਤੀ ਲਈ ਦੋਵੇਂ ਵਸਤਾਂ ਖੁਦ ਮੁਹੱਈਆ ਕਰਾ ਰਹੇ ਹਨ।
ਪੰਜ ਮਹੀਨਿਆਂ ਤੋਂ ਡੱਬੇ ਵਿੱਚ ਬੰਦ ਪਈ ਹੈ ਐਕਸਰੇਅ ਮਸ਼ੀਨ
ਬਨੂੜ ਦੇ ਸਰਕਾਰੀ ਹਸਪਤਾਲ ਵਿੱਚ ਐਕਸਰੇਅ ਦੀ ਵੱਡੀ ਮਸ਼ੀਨ ਪਿਛਲੇ ਪੰਜ ਮਹੀਨਿਆਂ ਤੋਂ ਸਥਾਪਿਤ ਹੋਣ ਦੀ ਉਡੀਕ ਕਰ ਰਹੀ ਹੈ। ਹਸਪਤਾਲ ਦੇ ਜਿਹੜੇ ਕਮਰੇ ਵਿੱਚ ਮਸ਼ੀਨ ਨੂੰ ਲਾਇਆ ਜਾਣਾ ਹੈ, ਉਸ ਕਮਰੇ ਦਾ ਦਰਵਾਜ਼ਾ ਛੋਟਾ ਹੋਣ ਕਾਰਨ ਇਸ ਦਰਵਾਜ਼ੇ ਨੂੰ ਤੋੜ ਕੇ ਮਸ਼ੀਨ ਲੰਘਾਉਣੀ ਪੈਣੀ ਹੈ। ਹਸਪਤਾਲ ਦੀ ਐਸਐਮਓ ਵੱਲੋਂ ਇਸ ਸਬੰਧੀ ਸਿਵਲ ਸਰਜਨ ਅਤੇ ਸਿਵਲ ਸਰਜਨ ਵੱਲੋਂ ਸਿਹਤ ਕਾਰਪੋਰੇਸ਼ਨ ਨੂੰ ਪੱਤਰ ਵੀ ਲਿਖੇ ਜਾ ਚੁੱਕੇ ਹਨ।